ਪਿੰਡ ਠੱਕਰਪੁਰਾ ਦੇ ਕਬਰਸਤਾਨ ਦੀ ਚਾਰਦੀਵਾਰੀ ਤੇ ਰਸਤੇ ਦੀ ਮੰਗ ਨੂੰ ਲੈ ਕੇ ਇਸਾਈ ਭਾਈਚਾਰੇ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

- ਪਿੰਡ ਠੱਕਰਪੁਰਾ ਦੇ ਕਬਰਿਸਤਾਨ ਦੀ ਚਾਰਦੀਵਾਰੀ ਤੇ ਰਸਤੇ ਦੀ ਕੀਤੀ ਮੰਗ
ਬੱਲੂ ਮਹਿਤਾ, •ਪੰਜਾਬੀ ਜਾਗਰਣ
ਪੱਟੀ : ਪੱਟੀ ਸ਼ਹਿਰ ਤੇ ਇਲਾਕੇ ਨਾਲ ਸਬੰਧਿਤ ਸਮੂਹ ਇਸਾਈ ਭਾਈਚਾਰੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਭਾਵੁਕ ਅਪੀਲ ਕਰਦੇ ਹੋਏ ਕਬਰਿਸਤਾਨ ਦੀ ਮਾੜੀ ਹਾਲਤ ਵੱਲ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ। ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਪੱਟੀ ਸ਼ਹਿਰ ਨਾਲ ਲੱਗਦੇ ਪਿੰਡ ਠੱਕਰਪੁਰਾ ਵਿਖੇ ਇਸਾਈ ਭਾਈਚਾਰੇ ਲਈ ਕਬਰਿਸਤਾਨ ਦੀ ਜਗ੍ਹਾ ਤਾਂ ਮੌਜੂਦ ਹੈ, ਪਰ ਉੱਥੇ ਨਾ ਤਾਂ ਕੋਈ ਚਾਰਦੀਵਾਰੀ ਬਣਾਈ ਗਈ ਹੈ ਅਤੇ ਨਾ ਹੀ ਉੱਥੇ ਜਾਣ ਲਈ ਢੰਗ ਦਾ ਰਸਤਾ ਹੈ, ਜਿਸ ਕਾਰਨ ਲੋਕਾਂ ਨੂੰ ਅੰਤਿਮ ਸੰਸਕਾਰ ਸਮੇਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਵੀ ਕਿਸੇ ਮ੍ਰਿਤਕ ਨੂੰ ਦਫਨਾਉਣ ਲਈ ਕਬਰਿਸਤਾਨ ਵਿਚ ਲਿਜਾਇਆ ਜਾਂਦਾ ਹੈ, ਤਾਂ ਉੱਥੇ ਪਹੁੰਚਣ ਲਈ ਕੱਚੇ ਅਤੇ ਟੁੱਟੇ ਰਸਤੇ ਵਿਚੋਂ ਲੰਘਣਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿਚ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਕਿਉਂਕਿ ਪਾਣੀ ਅਤੇ ਚਿੱਕੜ ਕਾਰਨ ਮ੍ਰਿਤਕ ਦੇਹ ਨੂੰ ਮੋਢਿਆਂ ’ਤੇ ਚੁੱਕ ਕੇ ਲਿਜਾਣਾ ਬਹੁਤ ਔਖਾ ਹੋ ਜਾਂਦਾ ਹੈ। ਕਈ ਵਾਰ ਲੋਕਾਂ ਨੂੰ ਖੇਤਾਂ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ, ਜਿਸ ਨਾਲ ਭਾਈਚਾਰੇ ਨੂੰ ਸ਼ਰਮਿੰਦਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਕਬਰਿਸਤਾਨ ਦੀ ਚਾਰਦੀਵਾਰੀ ਨਾ ਹੋਣ ਕਰ ਕੇ ਉੱਥੇ ਲਾਵਾਰਿਸ ਪਸ਼ੂ ਦਾਖਲ ਹੋ ਜਾਂਦੇ ਹਨ ਅਤੇ ਜਗ੍ਹਾ ਦੀ ਪਵਿੱਤਰਤਾ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਕਬਰਿਸਤਾਨ ਵਰਗੀ ਧਾਰਮਿਕ ਅਤੇ ਸੰਵੇਦਨਸ਼ੀਲ ਜਗ੍ਹਾ ਦੀ ਸੰਭਾਲ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਕਈ ਸਾਲਾਂ ਤੋਂ ਮੰਗਾਂ ਕਰਨ ਦੇ ਬਾਵਜੂਦ ਅਜੇ ਤਕ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਸਥਾਨਕ ਪ੍ਰਸ਼ਾਸਨ ਅਤੇ ਆਗੂਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਅਜੇ ਤਕ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਅੰਤਿਮ ਸੰਸਕਾਰ ਕਰਨ ਦਾ ਅਧਿਕਾਰ ਹੈ ਅਤੇ ਇਸ ਕੰਮ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਕਬਰਿਸਤਾਨ ਦੇ ਚਾਰੋਂ ਪਾਸੇ ਜਲਦੀ ਤੋਂ ਜਲਦੀ ਚਾਰਦੀਵਾਰੀ ਬਣਾਈ ਜਾਵੇ ਅਤੇ ਉੱਥੇ ਤੱਕ ਪੱਕਾ ਰਸਤਾ ਤਿਆਰ ਕਰਵਾਇਆ ਜਾਵੇ ਤਾਂ ਜੋ ਇਸਾਈ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। ਇਸ ਤੋਂ ਇਲਾਵਾ ਕਬਰਿਸਤਾਨ ਦੀ ਸਫ਼ਾਈ ਅਤੇ ਸੰਭਾਲ ਲਈ ਵੀ ਯੋਗ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਗਈ।
ਇਸ ਮੌਕੇ ਇਸਾਈ ਭਾਈਚਾਰੇ ਦੇ ਮੈਂਬਰਾਂ ਪਾਸਟਰ ਹਰਦੀਪ ਮਸੀਹ, ਪਾਸਟਰ ਗੁਰਦੇਵ ਪੋਲ, ਪਾਸਟਰ ਗੁਰਬਖਸ਼ ਮਸੀਹ, ਪਾਸਟਰ ਮਤੀ ਦਾਸ, ਪਾਸਟਰ ਪਤਰਸ, ਪਾਸਟਰ ਮਨਜੀਤ ਮਸੀਹ, ਪਾਸਟਰ ਹੈਪੀ ਗਰੂਨ, ਪਾਸਟਰ ਜਗਜੀਤ ਮਸੀਹ, ਪਾਸਟਰ ਸੁਖਵਿੰਦਰ ਮਸੀਹ, ਪਾਸਟਰ ਪਾਸਟਰ ਪ੍ਰੇਮ ਪੌਲ, ਪਾਸਟਰ ਯਾਕੂਬ ਪੌਲ, ਪਾਸਟਰ ਸੁਰਜੀਤ ਮਸੀਹ, ਪਾਸਟਰ ਬਲਵਿੰਦਰ ਮਸੀਹ, ਫਰਜ਼ੰਦ ਮਸੀਹ, ਚੇਅਰਮੈਨ, ਗੁਰਵਿੰਦਰ ਸਿੰਘ ਖਹਿਰਾ, ਪਾਸਟਰ ਬੋਧਰਾਜ ਨੇ ਕਿਹਾ ਕਿ ਉਹ ਸਰਕਾਰ ਤੋਂ ਕਿਸੇ ਵਿਸ਼ੇਸ਼ ਸਹੂਲਤ ਦੀ ਮੰਗ ਨਹੀਂ ਕਰ ਰਹੇ, ਸਗੋਂ ਸਿਰਫ ਉਹ ਬੁਨਿਆਦੀ ਹੱਕ ਮੰਗ ਰਹੇ ਹਨ, ਜੋ ਹਰ ਨਾਗਰਿਕ ਨੂੰ ਮਿਲਣੇ ਚਾਹੀਦੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਉਨ੍ਹਾਂ ਦੀ ਪੀੜਾ ਨੂੰ ਸਮਝਦੇ ਹੋਏ ਜਲਦੀ ਕਾਰਵਾਈ ਕਰੇਗਾ। ਭਾਈਚਾਰੇ ਦੇ ਲੋਕਾਂ ਨੇ ਅਖੀਰ ਵਿਚ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਪਣੀ ਆਵਾਜ਼ ਉੱਚ ਅਧਿਕਾਰੀਆਂ ਤਕ ਪਹੁੰਚਾਉਣ ਲਈ ਹੋਰ ਕਦਮ ਚੁੱਕਣ ਲਈ ਮਜਬੂਰ ਹੋਣਗੇ।