ਪੱਟੀ-ਖੇਮਕਰਨ ਰੋਡ ’ਤੇ ਟਰੱਕਾਂ ਦਾ ਜਾਮ, ਲੋਕ ਪਰੇਸ਼ਾਨ, ਪ੍ਰਸ਼ਾਸਨ ਬੇਖ਼ਬਰ
ਪੱਟੀ-ਖੇਮਕਰਨ ਰੋਡ ’ਤੇ ਟਰੱਕਾਂ ਦਾ ਜਾਮ, ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ
Publish Date: Fri, 08 May 2026 04:38 PM (IST)
Updated Date: Fri, 08 May 2026 04:41 PM (IST)

- ਗਰਮੀ ਦੌਰਾਨ ਘੰਟਿਆਂ ਜਾਮ ’ਚ ਫਸੇ ਰਹੇ ਰਾਹਗੀਰ, ਟ੍ਰੈਫਿਕ ਪੁਲਿਸ ਨੂੰ ਕੋਸਦੇ ਦਿਖਾਈ ਦਿੱਤੇ ਲੋਕ ਬੱਲੂ ਮਹਿਤਾ, •ਪੰਜਾਬੀ ਜਾਗਰਣ ਪੱਟੀ : ਸਥਾਨਕ ਸ਼ਹਿਰ ਪੱਟੀ ਦੇ ਖੇਮਕਰਨ-ਪੱਟੀ ਰੋਡ ’ਤੇ ਵੀਰਵਾਰ ਨੂੰ ਉਸ ਸਮੇਂ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ, ਜਦੋਂ ਅਨਾਜ ਨਾਲ ਭਰੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਸੜਕਾਂ ’ਤੇ ਖੜ੍ਹੀਆਂ ਹੋ ਗਈਆਂ। ਟਰੱਕ ਚਾਲਕਾਂ ਵੱਲੋਂ ਕੰਡਾ ਕਰਵਾਉਣ ਦੀ ਜਲਦਬਾਜ਼ੀ ਵਿਚ ਸੜਕ ’ਤੇ ਦੋ-ਦੋ ਲਾਈਨਾਂ ਵਿਚ ਟਰੱਕ ਖੜ੍ਹੇ ਕਰ ਦਿੱਤੇ ਗਏ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਜਾਮ ਇਨ੍ਹਾਂ ਭਿਆਨਕ ਸੀ ਕਿ ਲੋਕ ਸੜਕਾਂ ’ਤੇ ਫਸੇ ਰਹੇ ਅਤੇ ਗਰਮੀ ਵਿਚ ਖੱਜਲ-ਖੁਆਰ ਹੁੰਦੇ ਰਹੇ। ਜਾਮ ਵਿਚ ਫਸੇ ਲੋਕ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਕੋਸਦੇ ਦਿਖਾਈ ਦਿੱਤੇ। ਹੈਰਾਨੀ ਦੀ ਗੱਲ ਇਹ ਰਹੀ ਕਿ ਇਨ੍ਹਾਂ ਵੱਡਾ ਜਾਮ ਲੱਗਣ ਦੇ ਬਾਵਜੂਦ ਮੌਕੇ ’ਤੇ ਟ੍ਰੈਫਿਕ ਪੁਲਿਸ ਦਾ ਕੋਈ ਵੀ ਮੁਲਾਜ਼ਮ ਨਜ਼ਰ ਨਹੀਂ ਆਇਆ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕਾਂ ਵੱਲੋਂ ਪਹਿਲਾਂ ਪੱਟੀ ਤੋਂ ਮੋੜ ਵੱਲ ਜਾਣ ਵਾਲੀ ਸੜਕ ’ਤੇ ਦੋ ਲਾਈਨਾਂ ਵਿਚ ਟਰੱਕ ਖੜ੍ਹੇ ਕਰ ਦਿੱਤੇ ਗਏ ਅਤੇ ਦੂਜੇ ਪਾਸੇ ਵੀ ਇਕ ਲਾਈਨ ਵਿਚ ਟਰੱਕ ਲਗਾ ਦਿੱਤੇ ਗਏ। ਇਸ ਕਾਰਨ ਸੜਕ ਸਿੰਗਲ ਲਾਈਨ ਰਹਿ ਗਈ ਅਤੇ ਆਮ ਲੋਕਾਂ ਲਈ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ। ਟਰੱਕਾਂ ਨੂੰ ਅੱਗੇ ਲੰਘਾਉਣ ਨੂੰ ਲੈ ਕੇ ਕਈ ਡਰਾਈਵਰਾਂ ਵਿਚ ਤਕਰਾਰ ਵੀ ਹੋਈ, ਜਿਸ ਨਾਲ ਜਾਮ ਦੀ ਸਥਿਤੀ ਹੋਰ ਵੀ ਗੰਭੀਰ ਬਣ ਗਈ। ਰਾਹਗੀਰਾਂ ਨੇ ਦੱਸਿਆ ਕਿ ਉਹ ਅੱਧੇ ਘੰਟੇ ਤੋਂ ਵੱਧ ਸਮੇਂ ਤੋਂ ਜਾਮ ਵਿਚ ਫਸੇ ਹੋਏ ਸਨ ਅਤੇ ਨਾ ਅੱਗੇ ਜਾ ਸਕਦੇ ਸਨ ਅਤੇ ਨਾ ਹੀ ਪਿੱਛੇ ਮੁੜ ਸਕਦੇ ਸਨ। ਕਈ ਸਕੂਲੀ ਬੱਚੇ, ਮਰੀਜ਼ ਅਤੇ ਦਫ਼ਤਰੀ ਕਰਮਚਾਰੀ ਵੀ ਇਸ ਜਾਮ ਕਾਰਨ ਭਾਰੀ ਪਰੇਸ਼ਾਨ ਹੋਏ। ਇਸ ਮੌਕੇ ਬਲਵਿੰਦਰ ਸਿੰਘ, ਕੁਲਜੀਤ ਸਿੰਘ, ਸਰਜੀਤ ਸਿੰਘ, ਰਾਹੁਲ, ਜਗਜੀਤ ਸਿੰਘ ਅਤੇ ਚਾਨਣ ਸਿੰਘ ਆਦਿ ਨੇ ਦੱਸਿਆ ਕਿ ਇਹ ਸਮੱਸਿਆ ਹਰ ਸਾਲ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਆਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਚੂਸਲੇਵੜ ਵਿਖੇ ਬਣੇ ਅਨਾਜ ਗੁਦਾਮਾਂ ਤੋਂ ਅਨਾਜ ਨੂੰ ਸਪੈਸ਼ਲ ਮਾਲ ਗੱਡੀਆਂ ਵਿਚ ਲੋਡ ਕਰਨ ਲਈ ਵੱਡੀ ਗਿਣਤੀ ਵਿਚ ਟਰੱਕ ਇਸ ਰਸਤੇ ਤੋਂ ਲੰਘਦੇ ਹਨ। ਕੰਡਾ ਕਰਵਾਉਣ ਦੀ ਹੜਬੜਾਹਟ ਵਿਚ ਟਰੱਕ ਚਾਲਕ ਸੜਕਾਂ ’ਤੇ ਕਬਜ਼ਾ ਕਰ ਲੈਂਦੇ ਹਨ, ਜਿਸ ਨਾਲ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਐਮਰਜੈਂਸੀ ਵਿਚ ਹਸਪਤਾਲ ਜਾਣ ਵਾਲੇ ਮਰੀਜ਼ ਵੀ ਇਸ ਜਾਮ ਵਿਚ ਫਸ ਜਾਂਦੇ ਹਨ। ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿਚ ਜਾਣ ਵਾਲੇ ਮਰੀਜ਼ਾਂ ਨੂੰ ਇਸ ਕਾਰਨ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਰੋਡ ’ਤੇ ਜੀਐੱਨਡੀਯੂ ਕਾਲਜ, ਖੇਤੀਬਾੜੀ ਦਫ਼ਤਰ, ਮਾਰਕੀਟ ਕਮੇਟੀ, ਹੋਮ ਗਾਰਡ ਦਫ਼ਤਰ, ਸਿਵਲ ਹਸਪਤਾਲ ਅਤੇ ਕਈ ਨਿੱਜੀ ਹਸਪਤਾਲ ਸਥਿਤ ਹਨ, ਜਿਥੇ ਹਰ ਰੋਜ਼ ਸੈਂਕੜੇ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਵਿਦਿਆਰਥੀਆਂ ਨੂੰ ਵੀ ਇਸ ਜਾਮ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗਰਮੀ ਦੇ ਮੌਸਮ ਵਿਚ ਛੋਟੇ ਬੱਚੇ ਅਤੇ ਬਜ਼ੁਰਗ ਜਾਮ ਵਿਚ ਖੜ੍ਹੇ ਹੋ ਕੇ ਬਹੁਤ ਪਰੇਸ਼ਾਨ ਨਜ਼ਰ ਆਏ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਟ੍ਰੈਫਿਕ ਪੁਲਿਸ ਵੱਲੋਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਮੌਕੇ ’ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਤਾਇਨਾਤ ਕੀਤੇ ਜਾਣ ਤਾਂ ਜਾਮ ਦੀ ਸਮੱਸਿਆ ਨੂੰ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ। ਰਾਹਗੀਰਾਂ ਅਤੇ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਦੀ ਡਿਊਟੀ ਨਿਯਮਿਤ ਤੌਰ ’ਤੇ ਇਸ ਰੋਡ ’ਤੇ ਲਗਾਈ ਜਾਵੇ ਤਾਂ ਜੋ ਜਾਮ ਦੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ। ਇਸ ਮੌਕੇ ਪੱਟੀ ਸਿਟੀ ਦੇ ਥਾਣਾ ਮੁਖੀ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।