ਅੰਡਰ-23 ਕ੍ਰਿਕਟ ਮੁਕਾਬਲੇ ’ਚ ਪਟਿਆਲਾ ਨਾਲ ਫਾਈਨਲ ਖੇਡੇਗੀ ਤਰਨਤਾਰਨ ਦੀ ਟੀਮ
ਅੰਡਰ-23 ਕ੍ਰਿਕਟ ਮੁਕਾਬਲੇ ’ਚ ਪਟਿਆਲਾ ਨਾਲ ਫਾਈਨਲ ਖੇਡੇਗੀ ਤਰਨਤਾਰਨ ਦੀ ਟੀਮ
Publish Date: Fri, 08 May 2026 04:31 PM (IST)
Updated Date: Fri, 08 May 2026 04:32 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ-23 ਮੁੰਡਿਆਂ ਦੇ ਇਕ ਦਿਨਾਂ ਕ੍ਰਿਕਟ ਟੂਰਨਾਮੈਂਟ ਵਿਚ ਤਰਨਤਾਰਨ ਦੀ ਕ੍ਰਿਕਟ ਟੀਮ ਫਾਈਨਲ ਵਿਚ ਪਹੁੰਚ ਗਈ ਹੈ। ਇਸ ਸਬੰਧੀ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਐਸੋਸੀਏਸ਼ਨ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਅਜੇ ਸਿਰਫ਼ ਦੂਜਾ ਸਾਲ ਹੀ ਹੋਇਆ ਹੈ ਅਤੇ ਤਰਨਤਾਰਨ ਕ੍ਰਿਕਟ ਟੀਮ ਸਟੇਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈ ਹੈ। ਮੈਚ ਬਾਰੇ ਉਨ੍ਹਾਂ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ ਮੁੱਲਾਂਪੁਰ ਵਿਖੇ ਹੋਏ ਇਸ ਮੈਚ ਵਿਚ ਮੁਕਤਸਰ ਦੇ ਜ਼ਿਲ੍ਹੇ ਦੀ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ ਅਤੇ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ ਅੱਠ ਵਿਕਟਾਂ ਤੇ 338 ਦੌੜਾਂ ਬਣਾਈਆਂ। ਇਸ ਵਿਚ ਬੱਲੇਬਾਜ਼ ਇਮਰੋਜ਼ਪ੍ਰੀਤ ਨੇ 168, ਅਨੀਕੇਤ ਸਿੰਘ ਨੇ 54 ਅਤੇ ਗਣੇਸ਼ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਦੌੜਾਂ ਦਾ ਪਿੱਛਾ ਕਰਨ ਨੂੰ ਉਤਰੀ ਮੁਕਤਸਰ ਦੀ ਟੀਮ ਨੇ ਕਾਫ਼ੀ ਸਖ਼ਤ ਟੱਕਰ ਦਿੱਤੀ। ਪਰ ਤਰਨਤਾਰਨ ਜ਼ਿਲ੍ਹੇ ਦੀ ਗੇਂਦਬਾਜ਼ਾਂ ਵੱਲੋਂ ਗੇਂਦਬਾਜ਼ੀ ਦੀ ਬਦੌਲਤ ਮੁਕਤਸਰ ਦੀ ਟੀਮ 296 ਦੌੜਾਂ ਹੀ ਬਣਾ ਸਕੀ ਅਤੇ 42 ਦੌੜਾਂ ਨਾਲ ਇਹ ਮੈਚ ਹਾਰ ਗਈ। ਤਰਨਤਾਰਨ ਵੱਲੋਂ ਸਫ਼ਲ ਗੇਂਦਬਾਜ਼ ਸੁਖਚੈਨ ਸਿੰਘ ਨੇ ਤਿੰਨ, ਅਮਰਵੀਰ ਲਹਿਲ ਤੇ ਦਰਸ਼ਪ੍ਰੀਤ ਨੇ ਦੋ-ਦੋ ਵਿਕਟਾਂ ਲਈਆਂ। ਇਸ ਜਿੱਤ ਦਾ ਸਿਹਰਾ ਜਿੱਥੇ ਹੈੱਡ ਕੋਚ ਲਵਪ੍ਰੀਤ ਸਿੰਘ ਨੂੰ ਜਾਂਦਾ ਹੈ। ਉੱਥੇ ਟੀਮ ਦੇ ਕੋਚ ਸਰਤਾਜ ਸਿੰਘ ਅਤੇ ਪੂਰੀ ਟੀਮ ਨੇ ਪੂਰੇ ਟੂਰਨਾਮੈਂਟ ਹੀ ਵਿਚ ਹੀ ਬਹੁਤ ਵਧੀਆ ਕ੍ਰਿਕਟ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਕੁਲਦੀਪ ਸਿੰਘ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ, ਸ਼ੇਰ ਜੰਗ ਸਿੰਘ ਹੁੰਦਲ ਵੀ ਹਾਜ਼ਰ ਸਨ।