ਘਰੇਲੂ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਲੋਕ ਡਾਹਢੇ ਪਰੇਸ਼ਾਨ : ਅਰੋਡ਼ਾ
ਘਰੇਲੂ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਲੋਕ ਡਾਹਢੇ ਪ੍ਰੇਸ਼ਾਨ - ਅਰੋਡ਼ਾ
Publish Date: Fri, 08 May 2026 04:15 PM (IST)
Updated Date: Fri, 08 May 2026 04:17 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਰੀਬ ਡੇਢ ਮਹੀਨੇ ਤੋਂ ਲੋਕ ਘਰੇਲ਼ੂ ਗੈਸ ਸਿਲੰਡਰ ਦੀ ਸਪਲਾਈ ਤੋਂ ਕਾਫੀ ਪਰੇਸ਼ਾਨ ਹੋ ਰਹੇ ਹਨ। 25 ਦਿਨ ਦੀ ਬੁਕਿੰਗ ਤੋਂ ਬਾਅਦ ਵੀਂ ਲੋਕਾਂ ਨੂੰ ਸਮੇਂ ਸਿਰ ਗੈਸ ਨਹੀਂ ਮਿਲ ਰਹੀ। ਇਸ ਸਬੰਧੀ ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋਡ਼ਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਸਾਰੇ ਆਗੂ ਆਪਣੀਆਂ ਜਨਤਕ ਰੈਲੀਆਂ ਵਿਚ ਦੇਸ਼ ਭਰ ਦੇ ਸੂਬਿਆਂ ’ਚ ਜਾ ਕੇ ਆਮ ਜਨਤਾ ਨੂੰ ਗੈਸ ਦੀ ਕੋਈ ਕਿੱਲਤ ਨਹੀਂ ਦਾ ਢਿੰਡੋਰਾ ਪਿੱਟ ਰਹੇ ਹਨ। ਦੂਜੇ ਪਾਸੇ ਲੋਕਾਂ ਨੂੰ 25 ਦਿਨ ਦੀ ਬੁਕਿੰਗ ਤੋਂ ਬਾਅਦ ਵੀਂ ਸਮੇ ਸਿਰ ਗੈਸ ਨਹੀਂ ਮਿਲ ਰਹੀ। ਮੁਸ਼ਕਿਲ ਨਾਲ ਕਿਤੇ ਬੁਕਿੰਗ ਤੋਂ 15 ਦਿਨ ਬਾਅਦ ਮੋਬਾਈਲ ਵਿਚ ਮੈਸੇਜ ਆਉਣ ’ਤੇ ਫਿਰ ਕਿਤੇ ਜਾ ਕੇ ਗੁਦਾਮ ਵਿੱਚੋਂ ਆਪ ਸਿਲੰਡਰ ਲੈ ਕੇ ਆਉਣਾ ਪੈਂਦਾ ਹੈ। ਜੇਕਰ ਹੋਮ ਡਲਿਵਰੀ ਹੋਵੇ ਤਾਂ ਦੋ ਜਾਂ ਤਿੰਨ ਦਿਨ ਹੋਰ ਲੱਗ ਜਾਂਦੇ ਹਨ। ਅੱਗੇ ਗੱਲ ਵਪਾਰਕ ਵਰਤੋਂ ਵਾਲੇ ਸਿਲੰਡਰ ਦੀ ਕਰੀਏ ਤਾਂ ਜਿਸ ਦਾ ਪਿਛਲੇ ਮਹੀਨੇ ਮੋਦੀ ਸਰਕਾਰ ਨੇ ਤਿੰਨ ਵਾਰੀ ਅੰਨੇਵਾਹ ਰੇਟ ਵਧਾ ਕੇ 1750 ਤੋਂ ਹੁਣ 3250 ਰੁਪਏ ਕਰ ਦਿੱਤਾ ਹੈ। ਜਿਸ ਕਾਰਨ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵਧਣ ਕਰ ਕੇ ਮਹਿੰਗਾਈ ਵਿਚ ਵਾਧਾ ਹੋ ਰਿਹਾ ਹੈ। ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕੀ ਪੰਜਾਬ ਦੀ ਜਨਤਾ ਆਉਂਦੀਆਂ ਚੋਣਾਂ ਵਿਚ ਭਾਜਪਾ ਨੂੰ ਆਪਣੀਆਂ ਵੋਟਾਂ ਪਾਵੇਗੀ। 2014 ਤੋਂ ਪਹਿਲਾਂ ਭਾਜਪਾ ਦੇ ਸਾਰੇ ਵਰਕਰ ਆਗੂ ਲੀਡਰ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਖ਼ਿਲਾਫ਼ ਘਰਾਂ ਵਿੱਚੋਂ ਸਿਲੰਡਰ ਲਿਆ ਕੇ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਕੇ ਮਹਿੰਗਾਈ ਦਾ ਨਾਅਰਾ ਲਗਾ ਰਹੇ ਸਨ। ਉਦੋਂ ਸਿਲੰਡਰ ਦਾ ਰੇਟ ਮਾਤਰ 400 ਰੁਪਏ ਸੀ। ਹੁਣ ਕਿਉਂ ਭਾਜਪਾ ਲੀਡਰ ਵਰਕਰ ਮੋਨ ਧਾਰ ਕੇ ਬੈਠੇ ਹਨ। ਇਸ ਮੌਕੇ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਅਮਰਜੀਤ ਸਿੰਘ ਠੇਕੇਦਾਰ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਵਾਲੀਆਂ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਕਲਸੀ ਖਜ਼ਾਨਚੀ, ਐਡਵੋਕੇਟ ਆਦੇਸ਼ ਅਗਨੀਹੋਤਰੀ ਲੀਗਲ ਐਡਵਾਈਜ਼ਰ, ਐਡਵੋਕੇਟ ਬਾਬਾ ਦਯਾ ਸਿੰਘ, ਸੁਖਜਿੰਦਰ ਸਿੰਘ ਕਾਕਾ, ਹਰਦੇਵ ਸਿੰਘ ਪਿੰਕਾ, ਜਸਵਿੰਦਰ ਸ਼ਰਮਾ ਹੰਸ ਰਾਜ ਚੌਧਰੀ ਸੀਨੀਅਰ ਆਗੂ, ਵਿਕੂਲ ਚੋਪੜਾ, ਡਾ. ਲਾਲ ਸਿੰਘ ਪ੍ਰਧਾਨ ਕਿਸਾਨ ਵਿੰਗ ਆਦਿ ਹਾਜ਼ਰ ਸਨ।