ਸਰਹੱਦ ਪਾਰੋਂ ਹੈਰੋਇਨ ਮੰਗਵਾਉਣ ਵਾਲਾ ਬੇਪਰਦਾ, ਅੱਧਾ ਕਿਲੋ ਦੀ ਖੇਪ ਮਿਲੀ
ਸਰਹੱਦ ਪਾਰੋਂ ਹੈਰੋਇਨ ਮੰਗਵਾਉਣ ਵਾਲਾ ਬੇਪਰਦਾ, ਅੱਧਾ ਕਿਲੋ ਦੀ ਖੇਪ ਮਿਲੀ
Publish Date: Fri, 01 May 2026 08:11 PM (IST)
Updated Date: Sat, 02 May 2026 04:14 AM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ :ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਉਸ ਵੱਲੋਂ ਪਕਿਸਤਾਨ ਤੋਂ ਮੰਗਵਾਈ ਗਈ ਹੈਰੋਇਨ ਦੀ ਖੇਪ ਵੀ ਤੂੜੀ ਵਾਲੇ ਪੱਲੇ ਵਿੱਚੋਂ ਬਰਾਮਦ ਕੀਤਾ ਹੈ। ਹਾਲਾਂਕਿ ਪਛਾਣੇ ਗਏ ਵਿਅਕਤੀ ਦੀ ਅਜੇ ਤਕ ਗ੍ਰਿਫਤਾਰੀ ਨਹੀਂ ਹੋ ਸਕੀ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਇਸ ਸਬੰਧੀ ਦੱਸਿਆ ਕਿ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਗੁਰਸਾਹਿਬ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਮੌਕੇ ਰਾਜੋਕੇ ਪਿੰਡ ਦੀ ਡਿਫੈਂਸ ਡਰੇਨ ਦੇ ਪੁਲ ਕੋਲ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਹਿੰਦਰਪਾਲ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਰਾਜੋਕੇ ਪਾਕਿਸਤਾਨੀ ਸਮੱਗਲਰਾਂ ਕੋਲੋਂ ਡ੍ਰੋਨ ਰਾਹੀਂ ਹੈਰੋਇਨ ਮੰਗਵਾ ਕੇ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ। ਸੂਚਨਾ ਇਹ ਵੀ ਸੀ ਕਿ ਉਸਨੇ 29 ਅਪ੍ਰੈਲ ਨੂੰ ਹੈਰੋਇਨ ਦੀ ਖੇਪ ਮੰਗਵਾ ਕੇ ਖੇਤ ਵਿਚ ਬਣੇ ਤੂੜੀ ਵਾਲੇ ਪੱਲੇ ’ਚ ਲੁਕੋਈ ਹੈ। ਪੁਲਿਸ ਪਾਰਟੀ ਨੇ ਉਕਤ ਸੂਚਨਾ ਦੇ ਅਧਾਰ ’ਤੇ ਮਹਿੰਦਰਪਾਲ ਸਿੰਘ ਦੇ ਖੇਤਾਂ ਵਿਚ ਜਾ ਕੇ ਤੂੜੀ ਵਾਲੇ ਪੱਲੇ ’ਚੋਂ ਹੈਰੋਇਨ ਦਾ ਪੈਕੇਟ ਲੱਭ ਲਿਆ। ਜਿਸ ’ਚੋਂ 584 ਗ੍ਰਾਮ ਹੈਰੋਇਨ ਮਿਲੀ। ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।