ਡਿਜ਼ਾਈਰ ਕਾਰ ’ਚ ਸਵਾਰ ਮੰਡੀ ਬੋਰਡ ਦੇ ਕਰਮਚਾਰੀ ਦਾ ਗੋਲ਼ੀਆਂ ਮਾਰ ਕੇ ਕਤਲ
ਡਿਜ਼ਾਈਰ ਕਾਰ ’ਚ ਸਵਾਰ ਮੰਡੀ ਬੋਰਡ ਦੇ ਕਰਮਚਾਰੀ ਦਾ ਗੋਲੀਆਂ ਮਾਰ ਕੇ ਕਤਲ
Publish Date: Fri, 01 May 2026 07:49 PM (IST)
Updated Date: Sat, 02 May 2026 04:14 AM (IST)

* ਦਿਨ-ਦਿਹਾੜੇ ਥਾਰ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਪੁਲਿਸ ਨੇ ਦਰਜ ਕੀਤਾ ਕੇਸ ਕੈਪਸ਼ਨ- ਰਸ਼ਪਾਲ ਸਿੰਘ ਸ਼ਾਲਾ ਦੀ ਫਾਈਲ ਫੋਟੋ। ਰਾਜਨ ਚੋਪੜਾ, •ਪੰਜਾਬੀ ਜਾਗਰਣ ਭਿੱਖੀਵਿੰਡ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਾਂਡਪੁਰਾ ’ਚ ਸਰਕਾਰੀ ਸਕੂਲ ਸਾਹਮਣੇ ਸਵਿਫਟ ਡਿਜ਼ਾਈਰ ਕਾਰ ’ਚ ਸਵਾਰ ਇਕ ਨੌਜਵਾਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਚਲਾਉਣ ਵਾਲੇ ਥਾਰ ਗੱਡੀ ’ਤੇ ਸਵਾਰ ਸਨ। ਜਿਨ੍ਹਾਂ ਖ਼ਿਲਾਫ਼ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਮ੍ਰਿਤਕ ਦੀ ਪਛਾਣ ਰਸ਼ਪਾਲ ਸਿੰਘ ਸ਼ਾਲੀ (32) ਪੁੱਤਰ ਮੁਖਤਿਆਰ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਵਜੋਂ ਹੋਈ ਹੈ, ਜੋ ਮੰਡੀ ਬੋਰਡ ’ਚ ਨੌਕਰੀ ਕਰਦਾ ਸੀ ਤੇ ਇਸ ਵੇਲੇ ਐੱਸਡੀਓ ਨਾਲ ਬਤੌਰ ਸੁਪਰਵਾਈਜ਼ਰ ਤਾਇਨਾਤ ਸੀ। ਮ੍ਰਿਤਕ ਦੇ ਭਰਾ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਭਰਾ ਰਸ਼ਪਾਲ ਸਿੰਘ ਪੰਜਾਬ ਮੰਡੀ ਬੋਰਡ ’ਚ ਸੜਕਾਂ ਦੇ ਨਿਰਮਾਣ ’ਚ ਸੁਪਰਵਾਈਜ਼ਰ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਉਸ ਦੇ ਭਰਾ ਨੂੰ ਸੁਰਿੰਦਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਚੇਲਾ ਕਾਲੋਨੀ ਆਪਣੇ ਨਾਲ ਸਵਿਫਟ ਡਿਜ਼ਾਈਰ ਗੱਡੀ ’ਚ ਬਿਠਾ ਕੇ ਨਾਲ ਲੈ ਗਿਆ ਸੀ। ਸ਼ਾਮ ਕਰੀਬ ਸਾਢੇ ਚਾਰ ਵਜੇ ਉਸ ਨੂੰ ਸੂਚਨਾ ਮਿਲੀ ਕਿ ਸੋਨਾ ਲੰਮਾ, ਮਿੱਠੂ, ਮਿੱਠੂ ਦਾ ਪਿਤਾ ਜਸਪਾਲ ਸਿੰਘ ਜੱਸਾ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਨੇ ਸੁਰਿੰਦਰ ਸਿੰਘ ਨਾਲ ਮਿਲੀਭੁਗਤ ਕਰ ਕੇ ਰਸ਼ਪਾਲ ਸਿੰਘ ਦਾ ਪਿੰਡ ਸਾਂਡਪੁਰਾ ਦੀ ਫਿਰਨੀ ’ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਸੋਨਾ ਲੰਮਾ, ਉਸਦੇ ਭਰਾ ਤੇ ਕਾਲੂ ਨੇ ਉਸਦੇ ਭਰਾ ਰਸ਼ਪਾਲ ਸਿੰਘ ਦੇ ਬੱਚੇ ਘਰੋਂ ਚੱਕ ਕੇ ਗਲੀ ’ਚ ਲੈ ਆਉਂਦੇ ਸੀ। ਫਿਰ ਸੋਨਾ ਲੰਮੇ ਨੇ ਰਸ਼ਪਾਲ ਸਿੰਘ ਦੀ ਪਤਨੀ ਦੀ ਪੁੜਪੁੜੀ ’ਤੇ ਪਿਸਤੌਲ ਰੱਖ ਕੇ ਕਿਹਾ ਸੀ ਕਿ ਉਹ ਘਰ ਛੱਡ ਕੇ ਚਲੇ ਜਾਣ, ਨਹੀਂ ਤਾਂ ਉਹ ਉਨ੍ਹਾਂ ਦੇ ਬੱਚੇ ਮਾਰ ਦੇਣਗੇ। ਰੰਜਿਸ਼ ਇਹ ਸੀ ਕਿ ਸੋਨਾ ਲੰਮੇ ਤੇ ਸੁਰਿੰਦਰ ਸਿੰਘ ਦੀ ਆਪਸ ’ਚ ਲੜਾਈ ਹੋਈ ਸੀ ਅਤੇ ਉਹ ਰਸ਼ਪਾਲ ਸਿੰਘ ਨੂੰ ਲੜਾਈ ਦੀ ਵਜ੍ਹਾ ਦੱਸਦੇ ਸਨ। ਇਸੇ ਰੰਜਿਸ਼ ਤਹਿਤ ਹੀ ਉਕਤ ਲੋਕਾਂ ਨੇ ਰਸ਼ਪਾਲ ਸਿੰਘ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮੌਕੇ ’ਤੇ ਪੁੱਜੇ ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਦੱਸਿਆ ਕਿ ਰਸ਼ਪਾਲ ਸਿੰਘ ਦੇ ਕਤਲ ਦਾ ਕਾਰਨ ਨਿੱਜੀ ਰੰਜਿਸ਼ ਸਾਹਮਣੇ ਆਇਆ ਹੈ ਅਤੇ ਫਿਲਹਾਲ ਦੋ ਲੋਕਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਜਾਣਕਾਰੀ ਹੱਥ ਲੱਗੀ ਹੈ। ਜਦਕਿ ਦੋਵਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ ਕਰ ਕੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਲੋਂ ਜਾਂਚ ਕੀਤੀ ਜਾ ਰਹੀ ਹੈ।