ਸ੍ਰੀ ਦਰਬਾਰ ਸਾਹਿਬ ’ਚ ਮਨਾਇਆ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ
ਸ੍ਰੀ ਦਰਬਾਰ ਸਾਹਿਬ ’ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ
Publish Date: Fri, 01 May 2026 07:23 PM (IST)
Updated Date: Sat, 02 May 2026 04:12 AM (IST)

ਦੇਰ ਰਾਤ ਤਕ ਸਮਾਗਮਾਂ ’ਚ ਸੰਗਤ ਨੇ ਭਰੀ ਹਾਜ਼ਰੀ, ਗੁਰੂ ਸਾਹਿਬ ’ਤੇ ਹੋਈ ਫੁੱਲਾਂ ਦੀ ਵਰਖਾ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਗੁਰਮਤਿ ਸਤਿਸੰਗ ਸਭਾ ਦੀ ਸਥਾਨਕ ਸੰਗਤ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਅਤੇ ਸੰਗਤ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਦੇਰ ਰਾਤ ਤਕ ਚੱਲੇ ਇਸ ਮਹਾਨ ਸਮਾਗਮ ਮੌਕੇ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਸਾਮਗਮ ਦੀ ਸਮਾਪਤੀ ਸਮੇਂ ਜੱਥੇ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਉਥੇ ਹੀ ਮਠਿਆਈਆਂ ਦੇ ਪ੍ਰਸ਼ਾਦ ਵੀ ਸੰਗਤ ਵਿਚ ਵਰਤਾਏ ਗਏ। ਦੀਵਾਨ ਹਾਲ ਵਿਚ ਸ਼ਾਮ 4 ਵਜੇ ਆਰੰਭ ਹੋਏ ਇਸ ਗੁਰਮਤਿ ਸਮਾਗਮ ਮੌਕੇ ਬੀਬੀਆਂ ਦੇ ਸਮੂਹ ਕੀਰਤਨੀ ਜਥਿਆਂ ਨੇ ਸਭ ਤੋਂ ਪਹਿਲਾਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਢਪੱਈ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਤਪਾਲ ਸਿੰਘ, ਭਾਈ ਤੇਜਪਾਲ ਸਿੰਘ, ਬਾਈ ਸੰਦੀਪ ਸਿੰਘ ਹਜ਼ੂਰੀ ਰਾਗੀ, ਭਾਈ ਹਰਵਿੰਦਰਪਾਲ ਸਿੰਘ, ਗੁਰਮਤਿ ਸਤਿਸੰਗ ਸਭਾ ਤਰਨਤਾਰਨ ਅਤੇ ਭਾਈ ਜਸਪਾਲ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤ ਨੂੰ ਹਰ ਜਸ ਸਰਵਣ ਕਰਵਾਇਆ। ਸਭਾ ਦੇ ਸੇਵਾਦਾਰਾਂ ਨੇ ਕੀਰਤਨੀ ਜਥਿਆਂ ਅਤੇ ਸਹਿਯੋਗੀ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਦੀ ਆਰੰਭਤੋਂ ਸਮਾਪਤੀ ਤਕ ਦੀਵਾਨ ਹਾਲ ਦੇ ਬਾਹਰ ਠੰਢੇ ਜਲ ਦੀ ਛਬੀਲ ਲਗਾਈ ਗਈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਗੁਰਮਤਿ ਸਮਾਗਮ ਵਿਚ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਦੱਸ ਦਈਏ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਦੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਅਲੌਕਿਕ ਸਜਾਵਟ ਕੀਤੀ ਗਈ।