ਲੋਟਸ ਵੈਲੀ ਸਕੂਲ ‘ਚ ਮਜ਼ਦੂਰ ਦਿਵਸ ਨੂੰ ਸਮਰਪਿਤ ਕਰਵਾਇਆ ਸਮਾਗਮ
ਲੋਟਸ ਵੈਲੀ ਸਕੂਲ ‘ਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Fri, 01 May 2026 06:38 PM (IST)
Updated Date: Sat, 02 May 2026 04:11 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਲੋਟਸ ਵੈਲੀ ਸੀਨੀਅਰ ਸਕੂਲ ਵਿਚ ‘ਮਜ਼ਦੂਰ ਦਿਵਸ’ ਬੜੇ ਹੀ ਉਤਸ਼ਾਹ, ਸਨਮਾਨ ਅਤੇ ਗੰਭੀਰਤਾ ਨਾਲ ਮਨਾਇਆ ਗਿਆ। ਸਕੂਲ ਦੀ ਸਵੇਰ ਦੀ ਸਭਾ ਦੌਰਾਨ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਪ੍ਰਾਰਥਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ‘ਮਜ਼ਦੂਰ ਦਿਵਸ’ ਦੇ ਇਤਿਹਾਸ ਅਤੇ ਇਸਦੀ ਸਮਾਜਿਕ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਇਹ ਦਰਸਾਇਆ ਕਿ ਮਜ਼ਦੂਰ ਸਮਾਜ ਦੇ ਅਸਲ ਨਿਰਮਾਤਾ ਹਨ, ਜੋ ਆਪਣੇ ਖੂਨ-ਪਸੀਨੇ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਨਾਟਕਾਂ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ, ਜਿਨ੍ਹਾਂ ਵਿਚ ਮਜ਼ਦੂਰਾਂ ਦੀ ਜ਼ਿੰਦਗੀ ਦੇ ਸੰਘਰਸ਼, ਉਨ੍ਹਾਂ ਦੀ ਸਹਿਣਸ਼ੀਲਤਾ ਅਤੇ ਜਜ਼ਬੇ ਨੂੰ ਜੀਵੰਤ ਢੰਗ ਨਾਲ ਪੇਸ਼ ਕੀਤਾ ਗਿਆ। ਕੁਝ ਵਿਦਿਆਰਥੀਆਂ ਨੇ ਮਜ਼ਦੂਰਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸਨਮਾਨ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਨਾਲ ਸਾਰੇ ਦਰਸ਼ਕ ਪ੍ਰੇਰਿਤ ਹੋਏ।
ਇਸ ਦੇ ਨਾਲ-ਨਾਲ ਸਕੂਲ ਵੱਲੋਂ ਸਫਾਈ ਕਰਮਚਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਧੰਨਵਾਦ ਦੇ ਤੌਰ ‘ਤੇ ਕਾਰਡ ਅਤੇ ਤੋਹਫ਼ੇ ਭੇਟ ਕੀਤੇ। ਇਸ ਅਵਸਰ ‘ਤੇ ਸਕੂਲ ਦੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਜਤਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਜ਼ਦੂਰ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਬਿਨਾਂ ਵਿਕਾਸ ਦੀ ਕਲਪਨਾ ਅਸੰਭਵ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਕਿਸੇ ਦੀ ਮਿਹਨਤ ਦਾ ਸਤਿਕਾਰ ਕਰਨ ਅਤੇ ਸਮਾਜ ਵਿਚ ਸਮਾਨਤਾ ਅਤੇ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣ ਦਾ ਸੰਕਲਪ ਲਿਆ। ਇਹ ਸਮਾਰੋਹ ਸਾਰਿਆਂ ਲਈ ਬਹੁਤ ਹੀ ਪ੍ਰੇਰਣਾਦਾਇਕ ਅਤੇ ਸਿਖਲਾਈ ਭਰਪੂਰ ਸਾਬਿਤ ਹੋਇਆ।