ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਗੋਇੰਦਵਾਲ ਸਾਹਿਬ ’ਚ ਆਇਆ ਸੰਗਤ ਦਾ ਹੜ੍ਹ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 547 ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੇ ਆਖਰੀ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਗੁਰਬਾਣੀ ਦੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਗੁਰੂ ਘਰ ਵਿਚ ਨਤਮਸਤਕ ਹੋਣ ਲਈ ਪੁੱਜੀ। ਇਸ ਦੇ ਨਾਲ ਹੀ ਗੁਰੂ ਘਰ ਆਈਆਂ ਹੋਈਆਂ ਸੰਗਤਾਂ ਨੇ ਪਵਿੱਤਰ ਬਾਉਲੀ 'ਚ ਇਸ਼ਨਾਨ ਕਰ ਆਪਣਾ ਜੀਵਨ ਸਫ਼ਲ ਕੀਤਾ।
ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਬਾਉਲੀ ਸਾਹਿਬ ਸਿੱਖਾਂ ਦਾ ਪਹਿਲਾ ਤੀਰਥ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ 84 ਪੌੜ੍ਹੀਆਂ ਵਾਲੀ ਬਾਉਲੀ ਸਾਹਿਬ ਦੀ ਸਥਾਪਨਾ ਕਰਵਾ ਕੇ ਜਾਤ-ਪਾਤ ਤੇ ਊਚ ਨੀਚ ਦੇ ਭੇਦ ਭਾਵ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ।
ਗੁਰਦੁਆਰਾ ਬਾਉਲੀ ਸਾਹਿਬ ਦੇ ਸੁੰਦਰ ਸਜੇ ਦੀਵਾਨ ਹਾਲ ਵਿਖੇ ਰਹਿਰਾਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵੱਡੀ ਗਿਣਤੀ ਸੰਤਾਂ-ਮਹਾਂਪੁਰਖਾਂ ਅਤੇ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਗੁਰਦਵਾਰਾ ਬਾਉਲੀ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਵੱਲੋਂ ਸਮੂਹਿਕ ਤੌਰ ਰਸ ਭਿੰਨੇ ਕੀਰਤਨ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਵਿਸ਼ਵ ਪ੍ਰਸਿੱਧ ਕਥਾ ਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਵਸਾਈ ਨਗਰੀ ਦਾ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਪੂਰੇ ਵਿਸ਼ਵ ਵਿਚ ਸਿੱਖੀ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ। ਇਹ 8 ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਜਿਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਮਤ 1609 ਬਿਕਰਮੀ ਨੂੰ ਵਸਾਇਆ ਸੀ। ਭਾਈ ਜਤਿੰਦਰਪਾਲ ਸਿੰਘ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਗਿਆਨੀ ਸਤਨਾਮ ਸਿੰਘ ਰਿਆੜ ਦੇ ਕਵੀਸ਼ਰੀ ਜਥੇ ਨੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਪ੍ਰਸੰਗ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮਾਗਮ ’ਚ ਪੁੱਜਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ, ਸੰਤਾਂ-ਮਹਾਂਪੁਰਖਾਂ ਅਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ’ਚ ਸਹਿਯੋਗੀ ਸੰਸਥਾਵਾਂ ਨੂੰ ਗੁਰਦੁਆਰਾ ਮੈਨੇਜਰ ਸਰਬਦਿਆਲ ਸਿੰਘ ਤੇ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਤੇ ਹੋਰਨਾਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਪ੍ਰਭਜੀਤ ਸਿੰਘ ਭਰੋਵਾਲ ਨੇ ਨਿਭਾਈ।
ਇਸ ਮੌਕੇ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸਮਾਗਮ ਵਿਚ ਆਈਆਂ ਸੰਗਤਾਂ ਲਈ ਥਾਂ-ਥਾਂ ’ਤੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ। ਸਮੁੱਚੇ ਗੁਰਦੁਆਰਾ ਕੰਪਲੈਕਸ ਨੂੰ ਰੰਗ ਬਿਰੰਗੇ ਫੁੱਲਾਂ ਅਤੇ ਰੋਸ਼ਨੀਆਂ ਨਾਲ ਸਜਾਇਆ ਗਿਆ। ਦਸਮੇਸ਼ ਸੇਵਕ ਸਭਾ ਦੇ ਨੌਜਵਾਨਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ।
---
ਇਨ੍ਹਾਂ ਸ਼ਖਸੀਅਤਾਂ ਨੇ ਭਰੀ ਹਾਜਰੀ
ਧਾਰਮਿਕ ਸਮਾਗਮਾਂ ’ਚ ਹਾਜ਼ਰੀਆਂ ਭਰਨ ਵਾਲੀਆਂ ਸ਼ਖਸੀਅਤਾਂ ਵਿਚ ਮਾਤਾ ਸਰਬਜੀਤ ਕੌਰ ਕਾਰ ਸੇਵਾ ਛਾਪੜੀ ਸਾਹਿਬ, ਜਥੇਦਾਰ ਬਲਬੀਰ ਸਿੰਘ ਕਾਰ ਸੇਵਾ ਖਡੂਰ ਸਾਹਿਬ ਵੱਲੋਂ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਅਮਰੀਕ ਸਿੰਘ ਖੁਖਰੈਣ, ਬਾਬਾ ਪ੍ਰਗਟ ਸਿੰਘ ਲੂਆ ਸਾਹਿਬ, ਬਾਬਾ ਪਿਆਰਾ ਸਿੰਘ ਲੋਹਾਰ, ਯੁਵਰਾਜ ਸਿੰਘ ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ, ਬਿਕਰਮਜੀਤ ਸਿੰਘ ਐਡੀਸ਼ਨਲ ਮੈਨੇਜਰ ਦਰਬਾਰ ਸਾਹਿਬ, ਭਾਈ ਲਖਮੀਰ ਸਿੰਘ, ਤੋਂ ਇਲਾਵਾ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ, ਐਡੀਸ਼ਨਲ ਮੈਨੇਜਰ ਨਿਰਮਲ ਸਿੰਘ, ਸਰਬਜੀਤ ਸਿੰਘ ਮੁੰਡਾਪਿੰਡ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ ਰਿਕਾਰਡ ਕੀਪਰ, ਅਕਾਊਂਟੈਂਟ ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ ਹੀਰਾ, ਗੁਰਦੇਵ ਸਿੰਘ, ਭਾਈ ਕੁਲਵੰਤ ਸਿੰਘ ਸਾਬਕਾ ਹੈੱਡ ਗ੍ਰੰਥੀ, ਰਣਜੀਤ ਸਿੰਘ ਗ੍ਰੰਥੀ, ਗੁਰਜੀਤ ਸਿੰਘ ਸਟੋਰ ਕੀਪਰ, ਹਰਪ੍ਰੀਤ ਸਿੰਘ ਮਿੰਨਾ, ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਲਹੌਰੀਆ, ਅਵਤਾਰ ਸਿੰਘ ਬਿੱਲਾ ਸ਼ੇਰੋਂ, ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ, ਸਰਪੰਚ ਨਿਰਮਲ ਸਿੰਘ ਢੋਟੀ, ਦੇਸ਼ਵੀਰ ਸਿੰਘ ਪਵਾਰ, ਜਗਜੀਤ ਸਿੰਘ ਸਰਪੰਚ, ਸੁਖਬੀਰ ਸਿੰਘ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਧਾਲੀਵਾਲ, ਰਣਜੀਤ ਸਿੰਘ ਭੱਲਾ, ਪਰਮਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ ਜਿੰਮੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਭਰੀ।