ਸ਼ਿਕਾਗੋ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੀਤਾ ਸਿਜ਼ਦਾ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜ਼ਦਾ ਕਰਨ ਲਈ ਸਾਂਝਾ ਫਰੰਟ ਨੇ ਮਈ ਦਿਵਸ ਮਨਾਇਆ
Publish Date: Fri, 01 May 2026 05:14 PM (IST)
Updated Date: Sat, 02 May 2026 04:06 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾ ਪੱਧਰੀ ਸੱਦੇ ’ਤੇ ਸ਼ੁੱਕਰਵਾਰ ਨੂੰ ਸਥਾਨਕ ਗਾਂਧੀ ਪਾਰਕ ਵਿਚ ਇਕੱਤਰ ਹੋ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਉਪਰੰਤ ਸ਼ਹਿਰ ਦੇ ਚਾਰ ਖੰਬਾ ਚੌਂਕ ਵਿਚ ਕਾਰਪੋਰੇਟ ਪੱਖੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਅਗਵਾਈ ਕਰਨ ਵਾਲੇ ਹਾਕਮਾਂ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘ ਢਿੱਲੋਂ, ਅਜੀਤ ਸਿੰਘ ਫ਼ਤਿਹਚੱਕ, ਦਿਲਬਾਗ ਸਿੰਘ ਵਰਪਾਲ, ਜੈਮਲ ਸਿੰਘ ਬਾਠ, ਜਸਵਿੰਦਰ ਸਿੰਘ ਮਾਣੋਚਾਹਲ, ਬਲਜਿੰਦਰ ਸਿੰਘ ਦੋਬਲੀਆਂ, ਜੱਸਾ ਸਿੰਘ ਕੱਦਗਿੱਲ, ਸੁੱਚਾ ਸਿੰਘ ਧੌਲ, ਲਖਬੀਰ ਸਿੰਘ ਰੈਸ਼ੀਆਣਾ, ਪੂਰਨ ਦਾਸ, ਕਰਮਜੀਤ ਕਲੇਰ, ਰਣਜੀਤ ਸਿੰਘ, ਮੁਖਤਿਆਰ ਸਿੰਘ ਪੱਟੀ, ਕੁਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਬਾਕੀਪੁਰ, ਦਵਿੰਦਰ ਸਿੰਘ, ਕਰਨਬੀਰ ਸਿੰਘ ਭੁੱਲਰ, ਸੁਖਦੇਵ ਸਿੰਘ ਚਾਹਲ ਆਦਿ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਨੂੰ ਲਗਾਤਾਰ ਅਣਗੌਲਿਆਂ ਕਰਨ ਦੇ ਵਤੀਰੇ ਦੀ ਜ਼ੋਰਦਾਰ ਨਿੰਦਾ ਕੀਤੀ।
ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖ਼ਤਮ ਕੀਤੇ 29 ਕਿਰਤ ਕਾਨੂੰਨ ਬਹਾਲ ਕਰਨ ਅਤੇ ਦੇਸ਼ ਵਿਚ ਧੱਕੇ ਨਾਲ ਲਾਗੂ ਕੀਤੇ ਚਾਰ ਲੇਬਰ ਕੋਰਡ ਰੱਦ ਕਰਨ ਦੀ ਮੰਗ ਕੀਤੀ। ਆਗੂਆਂ ਨੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਰੋਕਿਆ ਮਹਿੰਗਾਈ ਭੱਤਾ ਲਾਗੂ ਕਰਨ, ਪੁਰਾਣੀ ਪੈਨਸ਼ਨ ਸ਼ਕੀਮ ਬਹਾਲ ਕਰਨ, ਕੱਚੇ ਕਾਮੇ ਪੱਕੇ ਕਰਨ, ਪੈਨਸ਼ਨਰਾਂ ਦੀ ਪੈਨਸ਼ਨ 2.59 ਫਾਰਮੂਲੇ ਨਾਲ ਸੋਧਣ, ਬਿਜਲੀ ਸੋਧ ਬਿੱਲ 2025 ਦਾ ਘਾਤਕ ਖਰੜਾ ਵਾਪਸ ਲੈਣ ਸਮੇਤ ਸਰਕਾਰੀ ਅਦਾਰਿਆਂ ਵਿਚ ਲੱਖਾਂ ਖਾਲੀ ਪਈਆਂ ਅਸਾਮੀਆਂ ਤੇ ਨਵੀਂ ਰੈਗੂਲਰ ਭਰਤੀ ਕਰਨ ’ਤੇ ਜ਼ੋਰ ਦਿੱਤਾ। ਅਖੀਰ ’ਤੇ ਸ਼ਹਿਰ ਦੇ ਚਾਰ ਖੰਭਾ ਚੌਕ ਤਕ ਰੋਸ ਮਾਰਚ ਕਰਦੇ ਹੋਏ ਪੂੰਜੀਪਤੀਆਂ ਦੇ ਜੋਟੀਦਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਗਵਾਈ ਕਰਨ ਵਾਲੇ ਕਾਰਪੋਰੇਟ ਪੱਖੀ ਹਾਕਮਾਂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ।