ਸ਼ਹੀਦ ਕਾਮਰੇਡ ਸਵਰਨ ਸਿੰਘ ਹਾਲ ਝਬਾਲ ’ਚ ਮਨਾਇਆ ਮਜ਼ਦੂਰ ਦਿਵਸ
ਸ਼ਹੀਦ ਕਾਮਰੇਡ ਸਵਰਨ ਸਿੰਘ ਹਾਲ ਝਬਾਲ ’ਚ ਮਨਾਇਆ ਮਜ਼ਦੂਰ ਦਿਵਸ
Publish Date: Fri, 01 May 2026 05:10 PM (IST)
Updated Date: Sat, 02 May 2026 04:06 AM (IST)

-ਸ਼ਹੀਦ ਸਵਰਨ ਸਿੰਘ ਸੋਹਲ ਦੀ ਕੁਰਬਾਨੀ ਤੋਂ ਪ੍ਰੇਰਨਾ ਲਓ : ਦਵਿੰਦਰ ਸੋਹਲ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਮਈ ਦਿਵਸ ’ਤੇ ਸ਼ਹੀਦ ਕਾਮਰੇਡ ਸਵਰਨ ਸਿੰਘ ਹਾਲ ਵਿਖੇ ਵੱਡਾ ਇਕੱਠ ਕਰਕੇ ਇਹ ਦਿਹਾੜਾ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਬਖਸ਼ੀਸ਼ ਸਿੰਘ ਝਬਾਲ ਨੇ ਕੀਤੀ। ਇਲਾਕਾ ਸਕੱਤਰ ਗੁਰਬਿੰਦਰ ਸੋਹਲ ਨੇ ਦੇਸ਼ ਵਿਚ ਵਾਪਰੀ ਘਟਨਾਵਾਂ ਦੀ ਜਾਣਕਾਰੀ ਸਾਂਝੀ ਕੀਤੀ। ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ 1 ਮਈ ਦਾ ਇਤਿਹਾਸ ਅਤੇ ਲਾਲ ਝੰਡੇ ਦੇ ਇਤਿਹਾਸ ਦਾ ਵਰਣਨ ਕਰਦੇ ਹੋਏ ਲਗਭਗ ਡੇਢ ਸਦੀ ਵਿਚ ਮਜ਼ਦੂਰਾਂ ਵੱਲੋਂ ਕੀਤੇ ਗਏ ਸੰਘਰਸ਼ ਕੁਰਬਾਨੀਆਂ ਅਤੇ ਜਿੱਤਾਂ ਦਾ ਵੇਰਵਾ ਦਿੱਤਾ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਰਲ ਕੇ ਚੱਲਣ ਦਾ ਸੱਦਾ ਦਿੱਤਾ। ਦਵਿੰਦਰ ਸੋਹਲ ਨੇ ਸ਼ਹੀਦ ਸਵਰਨ ਸਿੰਘ ਸੋਹਲ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਲਈ ਕਿਹਾ। ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਨੇ ਫਲਸਤੀਨ ਵਿਚ ਇਜ਼ਰਾਇਲ ਵੱਲੋਂ ਫੈਲਾਈ ਗਈ ਭੁੱਖਮਰੀ ਦਾ ਵਰਣਨ ਕੀਤਾ। ਨਾਲ ਹੀ ਇਰਾਨ ਉੱਤੇ ਹਮਲਾ ਕਰਨ ਲਈ ਅਮਰੀਕੀ ਅਤੇ ਇਜ਼ਰਾਇਲੀ ਨਾਪਾਕ ਗਠਜੋੜ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਔਰਤਾਂ ਵਾਸਤੇ ਬਹੁਤ ਮਾੜੀ ਹੈ। ਇਸ ਪਾਰਟੀ ਦੀਆਂ ਔਰਤਾਂ ਹੀ ਖੁੱਲ੍ਹ ਕੇ ਬੋਲ ਰਹੀਆਂ ਹਨ ਕਿ ਪਾਰਟੀ ਵਿਚ ਸਾਨੂੰ ਬਰਾਬਰ ਦਾ ਪਾਰਟੀ ਮੈਂਬਰ ਨਹੀਂ ਸਮਝਿਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਦੀਪ ਪੁਰੀ ਐਪਸਟੀਨ ਫਾਈਲਾਂ ਵਿਚ ਦੋਸ਼ੀ ਹਨ, ਉਨ੍ਹਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜ਼ਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਮਈ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਿਸ ਤਰ੍ਹਾਂ ਸਾਰੀ ਦੁਨੀਆ ਵਿਚ ਕਿਸਾਨ ਨੂੰ ਲੁੱਟਣ ਵਾਸਤੇ ਕਾਰਪੋਰੇਟ ਪੱਬਾਂ ਭਾਰ ਹੋਇਆ ਪਿਆ ਹੈ। ਬੀਜ ਨੀਤੀ ਰਾਹੀਂ ਖਾਦਾਂ ਪੇਸਟੀਸਾਈਡ ਆਦਿ ਦੀ ਬੇਲੋੜੀ ਵਰਤੋਂ ਕਰਵਾ ਕੇ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ। ਇਨ੍ਹਾਂ ਚੀਜ਼ਾਂ ਦਾ ਮਨੁੱਖ ਦੀ ਸਿਹਤ ’ਤੇ ਅਸਰ ਹੁੰਦਾ ਹੈ ਅਤੇ ਫਿਰ ਦਵਾਈ ਮਾਫ਼ੀਆ ਲੁੱਟਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਧਿਆਨ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਸਾਨ ਸੰਘਰਸ਼ ਦਾ ਵਰਣਨ ਕਰਦੇ ਦੱਸਿਆ ਕਿ ਕਿਵੇਂ ਇਹ ਜਿੱਤ ਏਕਤਾ ਕਰਕੇ ਹੀ ਹੋ ਸਕੀ ਹੈ। ਇਸੇ ਤਰ੍ਹਾਂ ਹੀ ਅੱਗੇ ਵੀ ਸਰਕਾਰਾਂ ਦੀਆਂ ਵਧੀਕੀਆਂ ਦਾ ਅਸੀਂ ਮਿਲ ਕੇ ਹੀ ਟਾਕਰਾ ਕਰ ਸਕਦੇ ਹਾਂ। ਪੰਜਾਬ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਨੇ ਦੱਸਿਆ ਕਿ ਇਹ ਸਰਕਾਰ ਔਰਤਾਂ ਦੇ ਹੱਕ ਵਿਚ ਬਹੁਤ ਮਾੜੀ ਹੈ। ਜਿਥੇ ਥਾਂ-ਥਾਂ ਔਰਤਾਂ ਦੀ ਇੱਜ਼ਤ ਚੁਰਾਹੇ ਰੋਲੀ ਜਾ ਰਹੀ ਹੈ, ਉਥੇ ਆਸ਼ਾ ਵਰਕਰ ਲੜਕੀਆਂ ਨੂੰ ਬਹੁਤ ਘੱਟ ਤਨਖਾਹ ਦੇ ਕੇ ਉਨ੍ਹਾਂ ਦੀ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਉਹਦੇ ਮੁਤਾਬਿਕ ਉਨ੍ਹਾਂ ਕੋਲੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਹੈ। ਕਾਮਰੇਡ ਬਲਬੀਰ ਸਿੰਘ ਲਹਿਰ, ਬਖਸ਼ੀਸ਼ ਸਿੰਘ ਅਤੇ ਲੱਖਾ ਸਿੰਘ ਨੇ ਕਵਿਤਾਵਾਂ ਰਾਹੀਂ ਸਮਾਜ ਵਿਚ ਵੱਧ ਰਹੀਆਂ ਬੁਰਾਈਆਂ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਦਿੱਤਾ। ਪ੍ਰੋਗਰਾਮ ਵਿਚ ਮਨਜੀਤ ਸਿੰਘ ਢੰਡ ਸਹਾਇਕ ਸਕੱਤਰ, ਜਗਤਾਰ ਸਿੰਘ ਝਬਾਲ, ਮਲਕੀਤ ਸਿੰਘ ਲਹਰੀ, ਜਗਜੀਤ ਸਿੰਘ ਮੰਨਣ, ਕਵਲਜੀਤ ਸਿੰਘ ਝਬਾਲ, ਅਸ਼ੋਕ ਸੋਹਲ, ਮੋਤਾ ਸਿੰਘ ਸੋਹਲ, ਸੁਲੱਖਣ ਗੰਡੀਵਿੰਡ, ਗੁਰਸ਼ਰਨ ਸਿੰਘ ਆਪਣੇ ਜਥਿਆਂ ਸਮੇਤ ਸ਼ਾਮਿਲ ਹੋਏ। ਅੰਤ ਵਿਚ ਸਵਰਨ ਕਾਂਤਾ ਜੋ ਕਿ ਸ਼ਹੀਦ ਤਿਲਕ ਰਾਜ ਭਾਂਬੜ ਦੀ ਜੀਵਨ ਸਾਥਣ, ਕਾਮਰੇਡ ਕੁੰਦਨ ਸਿੰਘ ਦੀ ਬੇਟੀ ਅਤੇ ਪਾਰਟੀ ਦੀ ਸਮਰਪਿਤ ਮੈਂਬਰ ਹੈ। ਉਨ੍ਹਾਂ ਨੇ ਝੰਡਾ ਲਹਿਰਾਇਆ ਅਤੇ ਬਖਸ਼ਿਸ਼ ਸਿੰਘ ਨੇ ਧੰਨਵਾਦ ਕੀਤਾ।