ਮਮਤਾ ਨਿਕੇਤਨ ’ਚ ਮਨਾਇਆ ਮਜ਼ਦੂਰ ਦਿਵਸ
ਮਮਤਾ ਨਿਕੇਤਨ ’ਚ ਮਨਾਇਆ ਗਿਆ ਮਜ਼ਦੂਰ ਦਿਵਸ
Publish Date: Fri, 01 May 2026 05:01 PM (IST)
Updated Date: Sat, 02 May 2026 04:05 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਮਤਾ ਨਿਕੇਤਨ ਤਰਨਤਾਰਨ ਇਕ ਅਜਿਹਾ ਸਿੱਖਿਅਕ ਅਦਾਰਾ ਹੈ, ਜੋ ਕਿ ਜਾਤ, ਧਰਮ, ਊਚ-ਨੀਚ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਭ ਨੂੰ ਸਮਾਨ ਦਰਜਾ ਦਿੰਦਾ ਹੈ ਅਤੇ ਹਰ ਇਕ ਕਰਮਚਾਰੀ ਦੇ ਕੰਮ ਨੂੰ ਇੱਜ਼ਤ ਅਤੇ ਸਨਮਾਨ ਦਿੰਦਾ ਹੈ। ਵਿਦਿਆਰਥੀਆਂ ਵਿਚ ਵੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਵਿਚ ਨੈਤਿਕ ਭਾਵਨਾਵਾਂ ਨੂੰ ਉਜਾਗਰ ਕਰਨ ਲਈ ਸਮੇਂ-ਸਮੇਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ, ਤਾਂ ਜੋ ਉਹ ਉੱਨਤ ਹੋਣ ਦੇ ਨਾਲ-ਨਾਲ ਸੱਭਿਅਕ ਨਾਗਰਿਕ ਦੇ ਰੂਪ ਵਿਚ ਉਭਰ ਸਕਣ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸ ਵਿਚ ਸੂਬਕ ਗਾਇਨ ਤੋਂ ਬਾਅਦ ਵਿਦਿਆਰਥਣਾਂ ਦੁਆਰਾ ਮਿਹਨਤ ਕਰਨ ਵਾਲਿਆਂ ਨੂੰ ਸਮਰਪਿਤ ਇਕ ਸਮੂਹ ਗੀਤ ਪੇਸ਼ ਕੀਤਾ ਗਿਆ।
ਇਸ ਉਪਰੰਤ ਦਸਵੀਂ ਕਲਾਸ ਦੀ ਇਸ਼ਮੀਤ ਕੌਰ ਅਤੇ ਜਸਮੀਤ ਕੌਰ ਦੁਆਰਾ ਮਜ਼ਦੂਰ ਦਿਵਸ ਮਨਾਏ ਜਾਣ ’ਤੇ ਮਹੱਤਵ, ਸਮਾਨਤਾ, ਮਿਹਨਤ ਆਦਿ ਗੁਣਾਂ ’ਤੇ ਸਪੀਚ ਪੇਸ਼ ਕੀਤੀ ਗਈ ਅਤੇ ਦਸਵੀਂ ਦੀ ਕੋਮਲਪ੍ਰੀਤ ਕੌਰ ਅਤੇ ਪਲਕਪ੍ਰੀਤ ਕੌਰ ਦੁਆਰਾ ਮਜ਼ਦੂਰਾਂ ਦੇ ਸੰਘਰਸ਼ ਅਤੇ ਮਿਹਨਤ ਨੂੰ ਦਰਸਾਉਂਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਬੱਚਿਆਂ ਨੇ ਕਮਿਊਨਿਟੀ ਹੈਲਪਰਸ ਸਮਾਜਿਕ ਸਹਾਇਕਾਂ ਦਾ ਰੂਪ ਧਾਰਨ ਕੀਤਾ ਅਤੇ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਇਆ। ਕਿਸੇ ਨੇ ਡਾਕਟਰ, ਕਿਸੇ ਨੇ ਅਧਿਆਪਕ, ਕਿਸੇ ਨੇ ਪੁਲਿਸ ਕਰਮਚਾਰੀ ਅਤੇ ਕਿਸੇ ਨੇ ਸਫ਼ਾਈ ਕਰਮਚਾਰੀ ਬਣ ਕੇ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਹਰ ਇਕ ਨੂੰ ਮਿਹਨਤ ਕਰਨ ਵਾਲੇ ਇਨਸਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਕੰਮ ਨੂੰ ਵੱਡਾ-ਛੋਟਾ ਨਾ ਸਮਝ ਕੇ ਉਸ ਦੀ ਕਦਰ ਕਰਨੀ ਚਾਹੀਦੀ ਹੈ। ਸਾਡਾ ਜੀਵਨ ਇਨ੍ਹਾਂ ਉੱਤੇ ਨਿਰਭਰ ਹੈ। ਸਾਡੇ ਜੀਵਨ ਨੂੰ ਸੁਖਦਾਈ ਬਣਾਉਣ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ। ਸਾਨੂੰ ਇਨ੍ਹਾਂ ਨਾਲ ਆਪਣੇ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ ਹੈ।
ਇਸੇ ਲਈ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੀ ਆਪਣੇ ਘਰਾਂ ਵਿਚ ਕੰਮ ਕਰ ਰਹੇ ਨੌਕਰਾਂ ਅਤੇ ਹੋਰ ਕਰਮਚਾਰੀਆਂ ਦਾ ਸਾਕਸ਼ਤਕਾਰ ਕਰਨ ਲਈ ਕਿਹਾ ਤਾਂ ਜੋ ਉਹ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਨੂੰ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਣ। ਇਸ ਦੇ ਨਾਲ ਹੀ ਬੱਚਿਆਂ ਨੂੰ ਇਕ ਵਿਸ਼ੇਸ਼ ਦਿਨ ’ਤੇ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਹੀ ਉਨ੍ਹਾਂ ਨੇ, ਇਨ੍ਹਾਂ ਦੇ ਸਨਮਾਨ ਵਿਚ ਵਾਧਾ ਕਰਦਿਆਂ ਸਕੂਲ ਦੇ ਸਮੂਹ ਕਰਮਚਾਰੀਆਂ ਨੂੰ ਉਪਹਾਰ ਦਿੱਤੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।