ਮਜ਼ਦੂਰ ਦਿਵਸ ’ਤੇ ਉਸਾਰੀ ’ਚ ਲੱਗੇ ਮਿਸਤਰੀ ਤੇ ਮਜ਼ਦੂਰਾਂ ਨੂੰ ਕੀਤਾ ਸਨਮਾਨਿਤ
ਮਜ਼ਦੂਰ ਦਿਵਸ ’ਤੇ ਉਸਾਰੀ ’ਚ ਲੱਗੇ ਮਿਸਤਰੀ ਤੇ ਮਜ਼ਦੂਰਾਂ ਨੂੰ ਕੀਤਾ ਸਨਮਾਨਿਤ
Publish Date: Fri, 01 May 2026 04:53 PM (IST)
Updated Date: Sat, 02 May 2026 04:05 AM (IST)
ਕਿਹਾ ਵਿਭਾਗਾਂ ’ਚ ਛੁੱਟੀ ’ਤੇ ਮਜ਼ਦੂਰਾਂ ਨੂੰ, ਮਜ਼ਦੂਰ ਦਿਵਸ ’ਤੇ ਵੀ ਕਰਨੀ ਪੈਂਦੀ ਹੈ ਦਿਹਾੜੀ
ਤੇਜਿੰਦਰ ਸਿੰਘ ਬੱਬੂ, •ਪੰਜਾਬੀ ਜਾਗਰਣ,
ਝਬਾਲ : ਮਜ਼ਦੂਰ ਦਿਵਸ ਮੌਕੇ ਜਿੱਥੇ ਸਾਰੇ ਸੰਸਾਰ ਵਿਚ ਛੁੱਟੀ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਉਥੇ ਭਾਰਤ ਵਿਚ ਵੀ ਸਰਕਾਰ ਵੱਲੋਂ ਹਰ ਇਕ ਵਿਭਾਗ ਵਿਚ ਛੁੱਟੀ ਕੀਤੀ ਜਾਂਦੀ ਹੈ। ਪਰ ਅਣ ਰਜਿਸਟਰ ਮਜ਼ਦੂਰ ਜੋ ਹਰ ਰੋਜ਼ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਸ਼ਾਮ ਸਮੇਂ ਦਿਹਾੜੀ ਮਿਲਦੀ ਹੈ ਤਾਂ ਜਾ ਕੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਦਾ ਹੈ। ਇਹ ਪ੍ਰਗਟਾਵਾ ਪਿੰਡ ਝਬਾਲ ਵਿਖੇ ਇਕ ਘਰ ਵਿਚ ਕੰਮ ਕਰ ਰਹੇ ਮਿਸਤਰੀ ਅਤੇ ਮਜ਼ਦੂਰਾਂ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ 1 ਮਈ ਨੂੰ ਸਾਰੇ ਸੰਸਾਰ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਰ ਉਨ੍ਹਾਂ ਨੂੰ ਉਸੇ ਦਿਨ ਦੀ ਦਿਹਾੜੀ ਮਿਲਣੀ ਹੈ ਜਿਸ ਦਿਨ ਉਨ੍ਹਾਂ ਨੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਰੋਜ਼ਾਨਾ ਦੀ ਤਰ੍ਹਾਂ ਕਿਰਤ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਕੇ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਢਿੱਡ ਭਰਨ ਲਈ ਕਿਸੇ ਅੱਗੇ ਹੱਥ ਨਹੀਂ ਫਲਾਉਣੈ ਪੈਂਦੇ।
ਉਨ੍ਹਾਂ ਨੂੰ ਜਦੋਂ ਪੁੱਛਿਆ ਕਿ ਤੁਹਾਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਰਕਾਰੀ ਕਣਕ ਦੀ ਸਹੂਲਤ ਨਹੀਂ ਮਿਲਦੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਕਣਕ ਲੈਣ ਵਾਸਤੇ ਪਹਿਲਾਂ ਸਰਕਾਰ ਦੇ ਵਲੰਟੀਅਰਾਂ ਦੇ ਤਰਲੇ ਮਾਰਨੇ ਪੈਂਦੇ ਹਨ ਤੇ ਫਿਰ ਜਾ ਕੇ ਦੋ ਤਿੰਨ ਦਿਹਾੜੀਆਂ ਤੋੜ ਕੇ ਲੰਬੀਆਂ ਲਾਈਨਾਂ ਵਿਚ ਲੱਗ ਕੇ ਕਣਕ ਮਿਲਦੀ ਹੈ। ਜਿਸ ਸਬੰਧੀ ਸਥਾਨਕ ਲੀਡਰਾਂ ਦਾ ਅਹਿਸਾਨ ਵੀ ਝੱਲਣਾ ਪੈਂਦਾ ਹੈ ਕਿ ਉਨ੍ਹਾਂ ਨੇ ਕਣਕ ਦਿਵਾਈ ਹੈ।
ਇਸ ਨਾਲੋਂ ਇਹ ਚੰਗਾ ਹੈ ਕਿ ਉਹ ਆਪਣੀ ਰੋਜ਼ਾਨਾ ਦੀ ਕਿਰਤ ਕਰਨ ਤਾਂ ਜੋ ਆਪਣੇ ਲਈ ਕਣਕ ਖਰੀਦ ਸਕਣ। ਇਸ ਮੌਕੇ ਜੇਈ ਹਰਭਿੰਦਰ ਸਿੰਘ ਤੇ ਜਥੇਦਾਰ ਕੁਲਜੀਤ ਸਿੰਘ ਨੇ ਮਿਸਤਰੀਆਂ ਤੇ ਮਜ਼ਦੂਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸੁਖਪਾਲ ਸਿੰਘ ਮਿਸਤਰੀ, ਮੰਗਲ ਸਿੰਘ, ਕਰਨੈਲ ਸਿੰਘ, ਤਰਨਬੀਰ ਸਿੰਘ ਝਬਾਲ, ਪ੍ਰਿੰਸ ਕੱਕਾ ਕੰਡਿਆਲਾ, ਨਿੱਕਾ ਆਦਿ ਹਾਜ਼ਰ ਸਨ।