ਪੰਜਾਬ ਖੇਤ ਮਜ਼ਦੂਰ ਸਭਾ ਨੇ ਸਰਹਾਲੀ ’ਚ ਮਨਾਇਆ ਮਜ਼ਦੂਰ ਦਿਵਸ
ਪੰਜਾਬ ਖੇਤ ਮਜ਼ਦੂਰ ਸਭਾ ਨੇ ਸਰਹਾਲੀ ’ਚ ਮਨਾਇਆ ਮਜ਼ਦੂਰ ਦਿਵਸ
Publish Date: Fri, 01 May 2026 04:45 PM (IST)
Updated Date: Sat, 02 May 2026 04:05 AM (IST)
ਲਵਦੀਪ ਦੇਵਗਨ•, ਪੰਜਾਬੀ ਜਾਗਰਣ,
ਸਰਹਾਲੀ ਕਲਾਂ : ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲ੍ਹਾ ਆਗੂ ਕਾਮਰੇਡ ਬਲਜਿੰਦਰ ਕੌਰ ਸਰਹਾਲੀ ਕਲਾਂ ਦੀ ਅਗਵਾਈ ਹੇਠ ਬਾਬਾ ਤਾਰਾ ਸਿੰਘ ਮਾਰਕੀਟ ਸਰਹਾਲੀ ਕਲਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਨ ਵਾਸਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਉਚੇਚੇ ਤੌਰ ’ਤੇ ਪਹੁੰਚੇ। ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਲਖਵਿੰਦਰ ਸਿੰਘ ਸਰਹਾਲੀ ਕਲਾਂ ਨੇ ਕੀਤੀ। ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ, ਮਜ਼ਦੂਰ ਦਿਵਸ ਮੁਬਾਰਕ ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉੱਠਿਆ।
ਝੰਡਾ ਲਹਿਰਾਉਣ ਉਪਰੰਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਮਈ ਦਿਹਾੜੇ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਮਜ਼ਦੂਰ ਵਰਗ ਨੂੰ ਕੰਮ ਦੀ ਰਾਹਤ ਮਿਲੀ। ਉਨ੍ਹਾਂ ਦੀਆਂ ਸ਼ਹਾਦਤਾਂ ਦੇ ਫਲਸਰੂਪ ਅੱਠ ਘੰਟੇ ਦੀ ਕੰਮ ਦਿਹਾੜੀ ਦਾ ਕਨੂੰਨ ਬਣਿਆ।
ਅੱਜ ਦੇ ਹਾਲਾਤ ਫਿਰ ਉਨ੍ਹਾਂ ਸਮਿਆਂ ਵੱਲ ਮੋੜਾ ਕੱਟ ਰਹੇ ਹਨ। ਮਜ਼ਦੂਰਾਂ ਦੇ ਹੱਕਾਂ ਵਿਚ ਬਣੇ 29 ਕਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਜੋ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਹੈ। ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੁੱਧ ਸੁਚੇਤ ਹੋ ਕੇ ਸੰਘਰਸ਼ਾਂ ਨੂੰ ਤਿੱਖਾ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।
ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਸਰਹਾਲੀ ਕਲਾਂ ਦੇ ਬਰਾਂਚ ਸਕੱਤਰ ਕਾਮਰੇਡ ਗੌਰਵਜੀਤ ਸਿੰਘ, ਕਾਮਰੇਡ ਸੀਮਾ, ਕਾਮਰੇਡ ਸੁਖਵਿੰਦਰ ਕੌਰ, ਕਾਮਰੇਡ ਸ਼ਿੰਦਰ ਕੌਰ, ਜੋਗਿੰਦਰ ਸਿੰਘ ਫੌਜੀ, ਬੱਗਾ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ, ਰਵਿੰਦਰ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ।