ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸੰਘਰਸ਼ ਕਰਨ ਦਾ ਲਿਆ ਪ੍ਰਣ
ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸੰਘਰਸ਼ ਕਰਨ ਦਾ ਲਿਆ ਪ੍ਰਣ
Publish Date: Fri, 01 May 2026 04:33 PM (IST)
Updated Date: Sat, 02 May 2026 04:05 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : 139 ਸਾਲ ਪਹਿਲਾਂ ਅੱਜ ਦੇ ਦਿਨ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਸਾਮਰਾਜ ਪੁਲਿਸ ਨੇ ਹਜ਼ਾਰਾਂ ਮਜ਼ਦੂਰਾਂ ਨੂੰ ਗੋਲੀਆਂ ਨਾਲ ਉਸ ਵੇਲੇ ਛੱਲਣੀ ਕਰ ਦਿੱਤਾ। ਜਦੋਂ ਉਹ 16 ਘੰਟੇ ਦੀ ਬਜਾਏ ਦਿਹਾੜੀ 8 ਘੰਟੇ ਕਰਨ ਦੀ ਮੰਗ ਕਰ ਰਹੇ ਸਨ। ਇਹ ਪ੍ਰਗਟਾਵਾ ਪਿੰਡ ਗੋਹਲਵੜ ਵਿਖੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਵਰਕਰਾਂ ਵੱਲੋਂ ਕਾਮਰੇਡ ਗੁਰਮੀਤ ਕੌਰ ਰਟੌਲ, ਕਾਮਰੇਡ ਜਤਿੰਦਰ ਸਿੰਘ ਠੇਕੇਦਾਰ ਗੋਹਲਵੜ, ਕਾਮਰੇਡ ਕਰਤਾਰ ਸਿੰਘ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਮਨਾਏ ਗਏ ਮਈ ਦਿਵਸ ਮੌਕੇ ਆਗੂਆਂ ਨੇ ਕੀਤਾ।
ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਦਵਿੰਦਰ ਸਿੰਘ ਪੱਖੋਕੇ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਅੰਗਰੇਜ਼ ਸਿੰਘ ਰਟੌਲ, ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਮਨਪ੍ਰੀਤ ਸਿੰਘ ਕੋਟਲੀ ਆਦਿ ਆਗੂਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਰਮਾਏਦਾਰ ਜਮਾਤ ਹਮੇਸ਼ਾ ਤੋਂ ਹੀ ਮਜ਼ਦੂਰਾਂ ਦਾ ਖੂਨ ਚੂਸਦੀਆਂ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਕਿਰਤ ਦਾ ਕਦੇ ਵੀ ਸਹੀ ਮੁੱਲ ਨਹੀਂ ਪਾਇਆ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੇਂਦਰ ਵਿਚ ਜਿਹੜੀ ਵੀ ਸਰਕਾਰ ਆਈ ਉਸ ਨੇ ਮਜ਼ਦੂਰ ਜਮਾਤ ਨਾਲ ਵਾਅਦੇ ਤਾਂ ਬਹੁਤ ਕੀਤੇ ਮਜ਼ਦੂਰਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਪਰ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਵੱਡੇ ਫਾਇਦੇ ਦਿੱਤੇ 78 ਸਾਲ ਦੀ ਆਜ਼ਾਦੀ ਬੀਤ ਜਾਣ ’ਤੇ ਅੱਜ ਵੀ ਮਜ਼ਦੂਰ ਦੋ ਵਕਤ ਦੀ ਰੋਟੀ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਰਾਜ ਸੱਤਾ ’ਤੇ ਕਾਬਜ਼ ਹੋਣ ਤੋ ਪਹਿਲਾਂ ਦੇਸ਼ ਦੇ ਮਜ਼ਦੂਰਾਂ ਨੂੰ ਬਹੁਤ ਵੱਡੇ-ਵੱਡੇ ਵਾਅਦੇ ਕੀਤੇ। ਪਰ ਹੁਣ 29 ਕਾਨੂੰਨ ਤੋੜ ਕੇ ਚਾਰ ਕੋਡਾਂ ਵਿਚ ਵੰਡ ਦਿੱਤਾ ਹੈ। ਉਸ ਤੋਂ ਬਾਅਦ ਮਨਰੇਗਾ ਕਾਨੂੰਨ ਤੋੜ ਕੇ ‘ਵੀਬੀ ਜੀ ਰਾਮ ਜੀ’ ਕਾਨੂੰਨ ਬਣਾ ਕੇ ਮਨਰੇਗਾ ਮਜ਼ਦੂਰਾਂ ਦੇ ਮੂੰਹ ਵਿੱਚੋਂ ਰੋਟੀ ਖੋਹੀ ਹੈ।
ਇਸ ਮੌਕੇ ਜਤਿੰਦਰ ਸਿੰਘ, ਤਲਵਿੰਦਰ ਸਿੰਘ, ਅਮਰਜੀਤ ਸਿੰਘ ਗੋਹਲਵੜ, ਪਰਮਜੀਤ ਸਿੰਘ, ਪ੍ਰਗਟ ਸਿੰਘ, ਕਰਤਾਰ ਸਿੰਘ, ਵਰਿਆਮ ਸਿੰਘ, ਗੁਰਨਾਮ ਸਿੰਘ ਕੋਟਲੀ, ਸਰਬਜੀਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ ਮਿਸਤਰੀ, ਰਣਜੀਤ ਸਿੰਘ, ਸੰਦੀਪ ਕੌਰ ਰਟੌਲ ਆਦਿ ਆਗੂ ਹਾਜ਼ਰ ਸਨ।