ਮਜ਼ਦੂਰ ਦਿਵਸ ’ਤੇ ਸ਼ਿਕਾਗੋ ਦੇ ਮਜ਼ਦੂਰਾਂ ਦੀ ਕੁਰਬਾਨੀ ਨੂੰ ਕੀਤਾ ਯਾਦ
ਮਜ਼ਦੂਰਾਂ ਦੀਆਂ ਕੁਰਬਾਨੀਆਂ ਬਦੌਲਤ ਕੰਮ ਦਿਹਾੜੀ ਸਮਾਂ ਅੱਠ ਘੰਟੇ ਹੋਇਆ: ਮਾੜੀਮੇਘਾ, ਰੁਪਿੰਦਰ, ਅਲਗੋਂ
Publish Date: Fri, 01 May 2026 04:23 PM (IST)
Updated Date: Sat, 02 May 2026 04:03 AM (IST)

ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਮਜ਼ਦੂਰ ਦਿਹਾੜੇ ’ਤੇ ਮਾੜੀ ਕੰਬੋਕੇ, ਅਲਗੋਂ ਖੁਰਦ, ਖਾਲੜਾ ਅਤੇ ਅਲਗੋਂ ਕਲਾਂ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਸੰਧੂ ਤੇ ਸੀਪੀਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਕਿਹਾ ਮਜ਼ਦੂਰਾਂ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਦੀ ਮੰਗ ਲਈ ਅੰਦੋਲਨ ਆਰੰਭਿਆ ਅਤੇ ਪੁਲਿਸ ਨੇ ਮਜ਼ਦੂਰਾਂ ਦੇ ਇਕੱਠ ’ਤੇ ਆਪ ਹੀ ਗੋਲੀ ਚਲਾ ਕੇ ਕੇਸ ਵੀ ਮਜ਼ਦੂਰ ਆਗੂਆਂ ’ਤੇ ਬਣਾ ਦਿੱਤਾ। ਇਸ ਕੇਸ ਵਿਚ ਸੱਤ ਮਜ਼ਦੂਰਾਂ ਨੂੰ ਫਾਂਸੀ ਤੇ ਇਕ ਨੂੰ 15 ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਇਕ ਪਾਸੇ ਮਜ਼ਦੂਰਾਂ ’ਤੇ ਕੇਸ ਚੱਲਦਾ ਰਿਹਾ ਦੂਜੇ ਪਾਸੇ ਮਜ਼ਦੂਰਾਂ ਨੇ ਸੰਘਰਸ਼ ਤਿੱਖਾ ਕਰ ਦਿੱਤਾ। ਅਖੀਰ ਅਮਰੀਕਾ ਸਰਕਾਰ ਨੂੰ ਮਜ਼ਦੂਰ ਸੰਘਰਸ਼ ਅੱਗੇ ਝੁਕਣਾ ਪਿਆ ਤੇ ਕਾਨੂੰਨ ਦੁਆਰਾ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰ ਦਿੱਤਾ ਗਿਆ। ਇਨ੍ਹਾਂ ਮਜ਼ਦੂਰ ਆਗੂਆਂ ਦੀ ਕੁਰਬਾਨੀ ਦੀ ਬਦੌਲਤ ਸਾਰੀ ਦੁਨੀਆ ਵਿਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਹੋਇਆ ਸੀ। ਆਗੂਆਂ ਨੇ ਕਿਹਾ ਕਿ ਹਿੰਦੁਸਤਾਨ ਦੀ ਮੌਜੂਦਾ ਹਕੂਮਤ ਅਧੀਨ ਅਜਿਹੇ ਪ੍ਰਾਈਵੇਟ ਅਦਾਰੇ ਹਨ ਜੋ ਕਿਰਤੀਆਂ ਕੋਲੋਂ 14-14 ਘੰਟੇ ਕੰਮ ਲੈ ਰਹੇ ਹਨ। ਮਨਰੇਗਾ ਕੰਮ ਦੀ ਦਿਹਾੜੀ ਸ਼ੁਰੂਆਤ ਵਿਚ 7 ਘੰਟੇ ਸੀ ਪਰ ਇਸ ਸਮੇਂ 9 ਘੰਟੇ ਹੈ। ਹੁਣ ’ਤੇ ਮਨਰੇਗਾ ਕਾਨੂੰਨ ਹੀ ਕੇਂਦਰ ਦੀ ਸਰਕਾਰ ਨੇ ਬਦਲ ਦਿੱਤਾ ਹੈ। ਪਹਿਲੇ ਕਾਨੂੰਨ ਮੁਤਾਬਿਕ ਕੰਮ ਦੀ ਗਾਰੰਟੀ ਸੀ ਤੇ ਇਸ ਕਾਨੂੰਨ ਵਿਚ ਕੰਮ ਦੀ ਗਾਰੰਟੀ ਨਹੀਂ ਹੈ। ਪਹਿਲਾਂ ਕੰਮ ਦੀ ਪਛਾਣ ਸੂਬਾ ਸਰਕਾਰਾਂ ਕਰਦੀਆਂ ਸਨ, ਹੁਣ ਕੇਂਦਰ ਸਰਕਾਰ ਸੂਬੇ ਕੋਲੋਂ ਅਧਿਕਾਰ ਖੋਹ ਆਪ ਲੈ ਲਏ ਹਨ। ਨਵੇਂ ਕਾਨੂੰਨ ਤਹਿਤ ਕੰਮ ਦਿੱਤਾ ਹੀ ਨਹੀਂ ਜਾ ਰਿਹਾ। ਆਗੂਆਂ ਦੀ ਮੰਗ ਹੈ ਕਿ ਮਨਰੇਗਾ ਕੰਮ ਫੌਰੀ ਤੌਰ ’ਤੇ ਚਾਲੂ ਕੀਤਾ ਜਾਵੇ। ਮੀਟਿੰਗਾਂ ਵਿਚ ਕਾਮਰੇਡ ਕਾਬਲ ਸਿੰਘ ਖਾਲੜਾ, ਗਿਆਨ ਕੌਰ ਮਾੜੀ ਕੰਬੋਕੀ, ਮਨਜੀਤ ਕੌਰ, ਬਲਵਿੰਦਰ ਕੌਰ ਅਲਗੋਂ, ਪ੍ਰਤਾਪ ਸਿੰਘ ਭਿੱਖੀਵਿੰਡ ਨੇ ਵੀ ਵਿਚਾਰ ਰੱਖੇ।