ਮਾਤਾ ਚਿੰਤਪੁਰਨੀ ਦਾ ਜਨਮ ਮਹਾਉਤਸਵ ਧੂਮਧਾਮ ਨਾਲ ਮਨਾਇਆ
ਪੱਟੀ ’ਚ ਮਾਤਾ ਚਿੰਤਪੁਰਨੀ ਦਾ ਜਨਮ ਮਹਾਉਤਸਵ ਧੂਮਧਾਮ ਨਾਲ ਮਨਾਇਆ
Publish Date: Thu, 30 Apr 2026 07:35 PM (IST)
Updated Date: Fri, 01 May 2026 04:17 AM (IST)

ਮਾਤਾ ਦੀਆਂ ਕੰਜਕਾਂ ਨੇ ਕੱਟਿਆ ਕੇਕ, ਬੱਸ ਅੱਡੇ ’ਚ ਲਗਾਇਆ ਲੰਗਰ-ਭੰਡਾਰਾ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਵਿਚ ਜੈ ਮਾਂ ਚਿੰਤਪੁਰਨੀ ਮੈਨੇਜਿੰਗ ਕਮੇਟੀ ਵੱਲੋਂ ਮਾਤਾ ਚਿੰਤਪੁਰਨੀ ਦਾ ਜਨਮ ਮਹਾਉਤਸਵ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ’ਤੇ ਜੈ ਮਾਂ ਚਿੰਤਪੁਰਨੀ ਪ੍ਰਾਚੀਨ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਗਤਾਂ ਨੇ ਹਾਜਰੀ ਲਗਾ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਔਰਤਾਂ ਦੀ ਭਜਨ ਮੰਡਲੀ ਵੱਲੋਂ ਭਜਨ-ਕੀਰਤਨ ਅਤੇ ਸਤਿਸੰਗ ਕੀਤਾ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਬਣ ਗਿਆ। ਭਗਤਾਂ ਨੇ ਭਾਵ ਭਿੰਨੀ ਅਰਦਾਸਾਂ ਕਰਦਿਆਂ ਮਾਤਾ ਚਿੰਤਪੁਰਨੀ ਦੇ ਚਰਨਾਂ ਵਿਚ ਨਮਨ ਕੀਤਾ ਅਤੇ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਦੁਆਵਾਂ ਮੰਗੀਆਂ। ਇਸ ਮੌਕੇ ਦੀ ਖਾਸ ਵਿਸ਼ੇਸ਼ਤਾ ਇਹ ਰਹੀ ਕਿ ਮਾਤਾ ਦੀਆਂ ਕੰਜਕਾਂ ਵਜੋਂ ਛੋਟੀਆਂ ਬੱਚੀਆਂ ਨੂੰ ਸੱਦ ਕੇ ਉਨ੍ਹਾਂ ਵੱਲੋਂ ਕੇਕ ਕਟਵਾਇਆ ਗਿਆ। ਕੇਕ ਕੱਟਣ ਤੋਂ ਪਹਿਲਾਂ ਮਾਤਾ ਰਾਣੀ ਨੂੰ ਭੋਗ ਲਗਾਇਆ ਗਿਆ ਅਤੇ ਇਸ ਤੋਂ ਬਾਅਦ ਇਹ ਪ੍ਰਸ਼ਾਦ ਰੂਪ ਵਿਚ ਸੰਗਤਾਂ ’ਚ ਵੰਡਿਆ ਗਿਆ। ਉਪਰੰਤ, ਬੱਸ ਸਟੈਂਡ ਪੱਟੀ ਵਿਖੇ ਵਿਸ਼ਾਲ ਲੰਗਰ-ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੂੰ ਕੜਾਹ ਪ੍ਰਸ਼ਾਦ, ਪੰਗੂੜਾ, ਕੜੀ-ਚੌਲ ਅਤੇ ਖੀਰ ਵਰਗੇ ਵਿਭਿੰਨ ਪਕਵਾਨ ਪ੍ਰਸ਼ਾਦ ਰੂਪ ਵਿਚ ਵੰਡੇ ਗਏ। ਲੰਗਰ ਵਿਚ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ। ਨੌਜਵਾਨਾਂ ਨੇ ਮਿਲ ਕੇ ਸੇਵਾ ਨਿਭਾਈ। ਸਮਾਗਮ ਦੌਰਾਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਕਾਲਾ ਮਹਿਤਾ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਅਤੇ ਸੈਕਟਰੀ ਜਗਮੋਹਨ ਮਨਚੰਦਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਾਤਾ ਚਿੰਤਪੁਰਨੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਲੋਕਾਂ ਨੂੰ ਇਕੱਠਾ ਕਰਦੇ ਹਨ ਅਤੇ ਸਮਾਜ ਵਿਚ ਪਿਆਰ, ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਸਦਾ ਸਭ ’ਤੇ ਬਣੀ ਰਹੇ। ਸਮਾਗਮ ਦੌਰਾਨ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਭਗਤਾਂ ਨੇ ਨੱਚ-ਟੱਪ ਕੇ ਅਤੇ ਭਜਨਾਂ ’ਤੇ ਝੂੰਮ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪੂਰਾ ਮਾਹੌਲ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਇਸ ਮਹਾਉਤਸਵ ਦਾ ਆਨੰਦ ਮਾਣਦਾ ਨਜ਼ਰ ਆਇਆ। ਇਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਕਾਲਾ ਮਹਿਤਾ ਨੇ ਦੱਸਿਆ ਕਿ ਆਉਣ ਵਾਲੇ ਅਗਸਤ ਮਹੀਨੇ ਵਿਚ ਮਾਤਾ ਚਿੰਤਪੁਰਨੀ ਦਾ ਸਾਵਣ ਮੇਲਾ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਸ਼ਹੀਦ ਸੋਹਲ ਲਾਲ ਪਾਠਕ ਪਾਰਕ ਪੱਟੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਵਿਸ਼ਾਲ ਲੰਗਰ-ਭੰਡਾਰਾ ਅਤੇ ਧਾਰਮਿਕ ਸਮਾਗਮ ਵੀ ਹੋਣਗੇ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਸਮਾਗਮ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਇਸ ਨੂੰ ਹੋਰ ਵਿਸ਼ਾਲ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮਾਂ ਦੀ ਸਫ਼ਲਤਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦੀ ਹੈ ਅਤੇ ਪੱਟੀ ਦੇ ਲੋਕ ਹਮੇਸ਼ਾਂ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਅੱਗੇ ਰਹਿੰਦੇ ਹਨ। ਇਸ ਮੌਕੇ ਸੰਜੀਵ ਕੁਮਾਰ ਕੋੜਾ ਸਲਾਹਕਾਰ, ਸਵਰਨ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ ਪੱਟੀ, ਆਸ਼ੂ ਅਰੋੜਾ, ਅਮਨੀਸ਼ ਬੱਤਰਾ, ਸੁਭਾਸ ਸ਼ਰਮਾ, ਅਮਿਤ ਪੁਰੀ, ਰਾਕੇਸ਼ ਕੁਮਾਰ ਟੋਨੀ, ਐੱਸਕੇ ਮਹਿਤਾ, ਰਾਜ ਕੁਮਾਰ ਰਾਜੂ, ਕਰਮਜੀਤ ਸਿੰਘ ਪਟਵਾਰੀ, ਅਨਿਲ ਅਰੋੜਾ, ਰਜਿੰਦਰ ਪਾਠਕ, ਰਣਬੀਰ ਸੂਦ, ਕਰਮਨ ਪਟਵਾਰੀ, ਤਰਸੇਮ ਬੱਤਰਾ, ਗੁਰਸੇਵਕ ਸਿੰਘ, ਵਿੱਕੀ, ਕੋਮਲ, ਅਮਰਜੀਤ ਬੰਟੀ, ਨਿਰਮਲ ਸਿੰਘ ਕਾਲਾ, ਅਰੁਣ ਮਹਿਤਾ, ਕੇਕੇ ਬਿੱਟੂ, ਰਛਪਾਲ ਬੇਦੀ, ਸੋਨੂੰ ਭੋਲੂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਰਹੀਆਂ।