ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਸੜਕਾਂ ’ਤੇ ਉਤਰਿਆ
ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਸੜਕਾਂ ’ਤੇ ਉਤਰਿਆਂ
Publish Date: Thu, 30 Apr 2026 05:44 PM (IST)
Updated Date: Fri, 01 May 2026 04:11 AM (IST)

ਪੱਟੀ ’ਚ ਬਿਜਲੀ ਘਰ ਅੱਗੇ ਵੱਡੇ ਪੱਧਰ ’ਤੇ ਧਰਨਾ, ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਭਰ ਵਿਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤਹਿਤ ਸੂਬੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਬਿਜਲੀ ਘਰਾਂ ਅੱਗੇ ਧਰਨੇ ਦੇ ਕੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੱਟੀ ਸ਼ਹਿਰ ਵਿਚ ਵੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਹਿਰੀ ਬਿਜਲੀ ਘਰ ਅੱਗੇ ਵੱਡੇ ਪੱਧਰ ’ਤੇ ਇਕੱਠ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ‘ਬਿਜਲੀ ਕੱਟ ਬੰਦ ਕਰੋ’ ਅਤੇ ‘ਆਪ ਸਰਕਾਰ ਹੋਸ਼ ਵਿਚ ਆਓ’ ਵਰਗੇ ਨਾਅਰੇ ਲਗਾ ਕੇ ਆਪਣਾ ਗੁੱਸਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਲਗਾਤਾਰ ਬਿਜਲੀ ਕੱਟਾਂ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖ਼ਾਸ ਕਰਕੇ ਗਰਮੀ ਦੇ ਮੌਸਮ ਵਿਚ ਲੋਕ ਬੇਹਾਲ ਹਨ। ਕਿਸਾਨਾਂ, ਵਪਾਰੀਆਂ ਅਤੇ ਘਰੇਲੂ ਉਪਭੋਗਤਾਵਾਂ ਨੂੰ ਇਸ ਸਥਿਤੀ ਨਾਲ ਨੁਕਸਾਨ ਝੇਲਣਾ ਪੈ ਰਿਹਾ ਹੈ। ਇਸ ਮੌਕੇ ਬੋਲਦਿਆ ਅਕਾਲੀ ਦਲ ਦੇ ਆਗੂ ਕੰਵਲਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਬਿਜਲੀ ਪ੍ਰਬੰਧ ਨੂੰ ਸੰਭਾਲਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਹਕੀਕਤ ਇਹ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਲੰਬੇ ਸਮੇਂ ਦੇ ਬਿਜਲੀ ਕੱਟ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸੰਕਟ ਕਾਰਨ ਉਦਯੋਗਿਕ ਅਤੇ ਖੇਤੀਬਾੜੀ ਖੇਤਰ ਵੀ ਪ੍ਰਭਾਵਿਤ ਹੋ ਰਹੇ ਹਨ। ਕਿਸਾਨਾਂ ਨੂੰ ਸਮੇਂ ’ਤੇ ਪਾਣੀ ਨਹੀਂ ਮਿਲ ਰਿਹਾ, ਜਿਸ ਨਾਲ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਅਕਾਲੀ ਦਲ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਦੇ ਯੂਥ ਆਗੂ ਹਰਬੀਰ ਸਿੰਘ ਧਾਰੀਵਾਲ ਨੇ ਕਿਹਾ ਕਿ ਨੌਜਵਾਨ ਵਰਗ ਵੀ ਬਿਜਲੀ ਕੱਟਾਂ ਕਾਰਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਇਸ ਦਾ ਨਕਾਰਾਤਮਕ ਅਸਰ ਪੈ ਰਿਹਾ ਹੈ ਅਤੇ ਛੋਟੇ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਵਾਅਦੇ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਹਮੇਸ਼ਾਂ ਲੋਕਾਂ ਦੇ ਹੱਕਾਂ ਲਈ ਅਵਾਜ਼ ਉਠਾਉਂਦਾ ਰਹੇਗਾ ਤੇ ਬਿਜਲੀ ਦੇ ਮੁੱਦੇ ’ਤੇ ਵੀ ਚੁੱਪ ਨਹੀਂ ਬੈਠੇਗਾ। ਉਨ੍ਹਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਨੌਜਵਾਨ ਵੱਡੇ ਪੱਧਰ ’ਤੇ ਸੰਘਰਸ਼ ਕਰਨ ਲਈ ਵੀ ਤਿਆਰ ਹਨ। ਸਾਬਕਾ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਬਿਜਲੀ ਕੱਟਾਂ ਨੇ ਲੋਕਾਂ ਦੀ ਦਿਨਚਰੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਘਰੇਲੂ ਉਪਭੋਗਤਾ, ਵਪਾਰੀ ਅਤੇ ਕਿਸਾਨ ਸਾਰੇ ਹੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਕੋਲ ਨਾ ਤਾਂ ਕੋਈ ਢੰਗ ਦੀ ਯੋਜਨਾ ਹੈ ਅਤੇ ਨਾ ਹੀ ਬਿਜਲੀ ਸੰਕਟ ਨਾਲ ਨਜਿੱਠਣ ਦੀ ਇੱਛਾ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਬਿਜਲੀ ਪ੍ਰਬੰਧ ਕਾਫੀ ਹੱਦ ਤਕ ਸੁਧਾਰਿਆ ਗਿਆ ਸੀ, ਪਰ ਹੁਣ ਫਿਰ ਤੋਂ ਲੋਕਾਂ ਨੂੰ ਪੁਰਾਣੇ ਸਮੇਂ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਲੋਕਾਂ ਦੇ ਹੱਕਾਂ ਲਈ ਲੜਦਾ ਆਇਆ ਹੈ ਅਤੇ ਅੱਗੇ ਵੀ ਲੜਦਾ ਰਹੇਗਾ। ਇਸ ਰੋਸ ਪ੍ਰਦਰਸ਼ਨ ਵਿਚ ਅਕਾਲੀ ਦਲ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਸ਼ਾਮਿਲ ਹੋਈ। ਵਰਕਰਾਂ ਨੇ ਹੱਥਾਂ ਵਿਚ ਬੈਨਰ ਅਤੇ ਪਲੇਕਾਰਡ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਕੱਟਾਂ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਅਕਾਲੀ ਦਲ ਦਾ ਨਹੀਂ, ਸਗੋਂ ਆਮ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਡਿੱਠਾ ਕੀਤਾ ਤਾਂ ਇਹ ਰੋਸ ਪ੍ਰਦਰਸ਼ਨ ਹੋਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਇਸ ਦੌਰਾਨ ਅਕਾਲੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਬਿਜਲੀ ਕੱਟਾਂ ਦਾ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਅਕਾਲੀ ਦਲ ਵੱਲੋਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਹਰ ਪੱਧਰ ’ਤੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਅਤੇ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਜਵਾਬਦੇਹ ਬਣਾਏਗੀ। ਇਸ ਮੌਕੇ ’ਤੇ ਸਾਬਕਾ ਚੇਅਰਮੈਨ, ਜਸਬੀਰ ਸਿੰਘ ਢੋਟੀਆਂ, ਸਾਬਕਾ ਚੇਅਰਮੈਨ ਨਿਸ਼ਾਨ ਸਿੰਘ ਸਖੀਰਾ, ਸੁਖਦੇਵ ਸਿੰਘ ਨੇ ਵੀ ਪੰਜਾਬ ਸਰਕਾਰ ਨੂੰ ਕੋਸਿਆ। ਇਸ ਮੌਕੇ ਜਗਦੀਪ ਸਿੰਘ ਜੱਗਾ ਯੂਥ ਅਕਾਲੀ ਆਗੂ, ਗੁਰਮੇਜ਼ ਸਿੰਘ ਫੌਜੀ, ਸਵਿੰਦਰ ਸਿੰਘ ਗਿੱਲ, ਸਾਹਿਬ ਸਿੰਘ ਡਿਆਲ, ਜੁਗਰਾਜ ਸਿੰਘ ਆੜਤੀਆਂ, ਸੁਖਦੇਵ ਸਿੰਘ ਚੀਮਾ, ਦਇਆ ਸਿੰਘ ਚੀਮਾ, ਜਗਤਾਰ ਸਿੰਘ ਚੀਮਾ, ਡਾ. ਬਲਵਿੰਦਰ ਸਿੰਘ ਤੁੰਗ, ਚਾਨਣ ਸਿੰਘ ਹਰੀਕੇ, ਭੁਪਿੰਦਰ ਸਿੰਘ ਬੁਰਜ਼, ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਬੰਡਾਲਾ, ਜੁਗਰਾਜ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਧਾਰੀਵਾਲ, ਗੁਰਸ਼ਰਨ ਸਿੰਘ ਧਾਰੀਵਾਲ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਕਰਨਬੀਰ ਸਿੰਘ, ਪ੍ਰਭਜੀਤ ਸਿੰਘ, ਸਾਹਿਜਪਾਲ ਸਿੰਘ, ਡਾ. ਸਲਵਿੰਦਰ ਸਿੰਘ ਬੋਪਾਰਾਏ, ਸੁਖਦੇਵ ਸਿੰਘ ਲੋਹੁਕਾ, ਸਮਸ਼ੇਰ ਸਿੰਘ ਹਰੀਕੇ, ਰਾਜਾ ਹਰੀਕੇ, ਦਵਿੰਦਰ ਸਿੰਘ ਹਰੀਕੇ, ਗੁਰਸ਼ਰਨ ਸਿੰਘ, ਗੁਰਪ੍ਰਤਾਪ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।