ਸ਼ਿੰਦਾ ਨੇ ਕੈਰੋਂ ਟੀਮ ਦੇ ਸੰਭਾਵੀ ਉਮੀਦਵਾਰਾਂ ਨਾਲ ਕੀਤੀ ਚਰਚਾ
ਸੁਰਿੰਦਰ ਕੁਮਾਰ ਸ਼ਿੰਦਾ ਨੇ ਕੈਰੋਂ ਟੀਮ ਦੇ ਸੰਭਾਵੀ ਉਮੀਦਵਾਰਾਂ ਨਾਲ ਕੀਤੀ ਚੋਣ ਚਰਚਾ
Publish Date: Thu, 30 Apr 2026 05:41 PM (IST)
Updated Date: Fri, 01 May 2026 04:11 AM (IST)

ਚੋਣਾਂ ਨੂੰ ਲੈ ਕੇ ਮੀਟਿੰਗ ਵਿਚ ਇਕਜੁੱਟਤਾ ਤੇ ਵਿਕਾਸ ਮੁੱਦਿਆਂ ’ਤੇ ਜ਼ੋਰ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ ਨਗਰ ਕੌਂਸਲ ਪੱਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਗਤੀਵਿਧੀਆਂ ਦਿਨੋਂ-ਦਿਨ ਤੇਜ਼ ਹੋ ਰਹੀਆਂ ਹਨ। ਇਸ ਸਬੰਧ ਵਿਚ ਨਗਰ ਕੌਂਸਲ ਪੱਟੀ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਵੱਲੋਂ ਕੈਰੋਂ ਟੀਮ ਦੇ ਸੰਭਾਵੀ ਉਮੀਦਵਾਰਾਂ ਨਾਲ ਇਕ ਵਿਸਥਾਰਪੂਰਵਕ ਮੀਟਿੰਗ ਕਰਕੇ ਚੋਣੀ ਮਾਹੌਲ ਨੂੰ ਹੋਰ ਗਰਮਾਹਟ ਦਿੱਤੀ ਗਈ। ਇਸ ਮੀਟਿੰਗ ਵਿਚ ਚੋਣਾਂ ਲਈ ਰਣਨੀਤੀ ਤਿਆਰ ਕਰਨ, ਵਾਰਡ ਪੱਧਰ ‘ਤੇ ਮਜ਼ਬੂਤੀ ਬਣਾਉਣ ਅਤੇ ਲੋਕ ਮੁੱਦਿਆਂ ਨੂੰ ਕੇਂਦਰ ਵਿਚ ਰੱਖ ਕੇ ਅੱਗੇ ਵਧਣ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਸਿਰਫ਼ ਸਿਆਸੀ ਮੁਕਾਬਲਾ ਨਹੀਂ, ਸਗੋਂ ਸ਼ਹਿਰ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਾਲਾ ਮਹੱਤਵਪੂਰਨ ਮੌਕਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਟੀਮ ਇਕਜੁੱਟ ਰਹੇ ਅਤੇ ਹਰ ਵਰਕਰ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਏ, ਤਾਂ ਜਿੱਤ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਮੀਦਵਾਰਾਂ ਨੂੰ ਹਿਦਾਇਤ ਦਿੱਤੀ ਕਿ ਉਹ ਲੋਕਾਂ ਨਾਲ ਨਜ਼ਦੀਕੀ ਸੰਪਰਕ ਬਣਾਉਣ, ਘਰ-ਘਰ ਜਾ ਕੇ ਲੋਕ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਸ਼ਹਿਰ ਨੂੰ ਕਈ ਮੁੱਢਲੇ ਮਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਸਫਾਈ ਪ੍ਰਬੰਧ ਦੀ ਕਮੀ, ਪੀਣ ਵਾਲੇ ਪਾਣੀ ਦੀ ਅਣਪੂਰੀ ਸਪਲਾਈ, ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦੀ ਖ਼ਰਾਬ ਹਾਲਤ। ਉਨ੍ਹਾਂ ਜ਼ੋਰ ਦਿੱਤਾ ਕਿ ਚੋਣ ਪ੍ਰਚਾਰ ਦੌਰਾਨ ਇਨ੍ਹਾਂ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਜਿੱਤ ਤੋਂ ਬਾਅਦ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੰਭਾਵੀ ਉਮੀਦਵਾਰਾਂ ਨੇ ਵੀ ਆਪਣੇ-ਆਪਣੇ ਵਾਰਡਾਂ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਜੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਚ ਲਿਜਾਇਆ ਜਾਵੇ, ਤਾਂ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਝ ਉਮੀਦਵਾਰਾਂ ਨੇ ਸੁਝਾਅ ਦਿੱਤਾ ਕਿ ਨੌਜਵਾਨ ਵਰਗ ਅਤੇ ਔਰਤਾਂ ਨੂੰ ਵਧੇਰੇ ਤੌਰ ’ਤੇ ਮੁਹਿੰਮ ਨਾਲ ਜੋੜਿਆ ਜਾਵੇ, ਕਿਉਂਕਿ ਇਹ ਵਰਗ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਅਜੈ ਕੁਮਾਰ ਸਾਬਕਾ ਕੌਂਸਲਰ, ਵਾਰਡ ਨੰਬਰ 5, ਮਨੀਸ਼ ਕੁਮਾਰ ਵਰਮਾ ਵਾਰਡ ਨੰ. 18 ਅਤੇ ਬੱਬਲੂ ਮਰਵਾਹਾ ਹਾਜ਼ਰ ਸਨ। ਉਨ੍ਹਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਟੀਮ ਵੱਲੋਂ ਮਿਲਜੁਲ ਕੇ ਚੋਣਾਂ ਲੜੀਆਂ ਜਾਣਗੀਆਂ ਅਤੇ ਹਰ ਵਾਰਡ ਵਿਚ ਮਜ਼ਬੂਤ ਉਮੀਦਵਾਰ ਖੜ੍ਹੇ ਕਰ ਕੇ ਵਿਰੋਧੀਆਂ ਨੂੰ ਕਰਾਰੀ ਟੱਕਰ ਦਿੱਤੀ ਜਾਵੇਗੀ। ਮੀਟਿੰਗ ਦੇ ਅੰਤ ’ਚ ਸੁਰਿੰਦਰ ਕੁਮਾਰ ਸ਼ਿੰਦਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੱਖ-ਵੱਖ ਵਾਰਡਾਂ ’ਚ ਹੋਰ ਮੀਟਿੰਗਾਂ ਕਰ ਕੇ ਚੋਣ ਤਿਆਰੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਉਦੇਸ਼ ਪੱਟੀ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਤੇ ਇਸ ਲਈ ਹਰ ਵਰਕਰ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਪੂਰੀ ਲਗਨ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਨਗਰ ਕੌਂਸਲ ’ਚ ਇਕ ਮਜ਼ਬੂਤ ਤੇ ਲੋਕ-ਹਿਤੈਸ਼ੀ ਪ੍ਰਬੰਧ ਕਾਇਮ ਕੀਤਾ ਜਾਵੇਗਾ।