ਏਟੀਐੱਮ ਠੱਗੀ, ਕਾਰਡ ਬਦਲ ਕੇ 80 ਹਜ਼ਾਰ ਰੁਪਏ ਕਢਵਾਏ
ਪੱਟੀ ’ਚ ਏਟੀਐੱਮ ਠੱਗੀ ਦਾ ਮਾਮਲਾ, ਦੋ ਨੌਜਵਾਨਾਂ ਨੇ ਕਾਰਡ ਬਦਲ ਕੇ 80 ਹਜ਼ਾਰ ਰੁਪਏ ਕਢਵਾਏ
Publish Date: Thu, 30 Apr 2026 05:38 PM (IST)
Updated Date: Fri, 01 May 2026 04:11 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਵਿਚ ਏਟੀਐਮ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਵਿਅਕਤੀ ਨਾਲ ਠੱਗੀ ਕਰ ਕੇ ਉਸ ਦੇ ਖਾਤੇ ਵਿੱਚੋਂ 80 ਹਜ਼ਾਰ ਰੁਪਏ ਕੱਢ ਲਏ ਗਏ। ਪੀੜਤ ਕਰਤਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਾਨ ਤਹਿਸੀਲ ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਦੀ ਘਰਿਆਲਾ ਸ਼ਾਖਾ ਵਿਚ ਹੈ। ਬੀਤੇ ਦਿਨ ਕਰੀਬ ਸਵੇਰੇ 10:15 ਵਜੇ ਉਹ ਕੋਰਟ ਰੋਡ ਪੱਟੀ ਸਥਿਤ ਏਟੀਐੱਮ ਵਿਚ ਆਪਣਾ ਨਵਾਂ ਪਿੰਨ ਕੋਡ ਦਾਖਲ ਕਰ ਰਿਹਾ ਸੀ। ਇਸੇ ਦੌਰਾਨ ਦੋ ਅਣਪਛਾਤੇ ਨੌਜਵਾਨ ਉਸਦੇ ਕੋਲ ਆਏ ਅਤੇ ਚਲਾਕੀ ਨਾਲ ਉਸਦਾ ਏਟੀਐਮ ਕਾਰਡ ਬਦਲ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਦੋਵੇਂ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਕਰਤਾਰ ਸਿੰਘ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਵਿੱਚੋਂ 80 ਹਜ਼ਾਰ ਰੁਪਏ ਕੱਢ ਲਏ ਗਏ ਹਨ ਅਤੇ ਉਸਦਾ ਅਸਲ ਏਟੀਐੱਮ ਕਾਰਡ ਵੀ ਚੋਰੀ ਕਰ ਲਿਆ ਗਿਆ ਹੈ। ਪੀੜਤ ਨੇ ਐੱਸਐੱਸਪੀ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।