ਪੱਟੀ ਦੇ ਇਲਾਕੇ ਦੀਆਂ ਔਰਤਾਂ ਨੂੰ ਮਿਲੇਗੀ ਵੱਡੀ ਰਾਹਤ : ਚੀਮਾ
ਸਿਵਲ ਹਸਪਤਾਲ ਪੱਟੀ ਦੇ ਇਲਾਕੇ ਦੀਆਂ ਮਹਿਲਾਵਾਂ ਨੂੰ ਮਿਲੇਗੀ ਵੱਡੀ ਰਾਹਤ : ਰਣਜੀਤ ਸਿੰਘ ਚੀਮਾ
Publish Date: Thu, 30 Apr 2026 05:35 PM (IST)
Updated Date: Fri, 01 May 2026 04:11 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਸਿਵਲ ਹਸਪਤਾਲ ਪੱਟੀ ਵਿਖੇ ਇਸਤਰੀ ਰੋਗਾਂ ਦੇ ਮਾਹਿਰ ਡਾ. ਬੇਅੰਤ ਸਿੰਘ ਨੇ ਆਪਣੀ ਸੇਵਾ ਸੰਭਾਲ ਲਈ ਹੈ। ਡਾ. ਬੇਅੰਤ ਸਿੰਘ ਦੇ ਜੁਆਇਨ ਕਰਨ ਨਾਲ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਔਰਤਾਂ ਨੂੰ ਹੁਣ ਵਧੀਆ ਅਤੇ ਮਾਹਿਰ ਸਿਹਤ ਸੇਵਾਵਾਂ ਸਥਾਨਕ ਪੱਧਰ ’ਤੇ ਹੀ ਉਪਲੱਬਧ ਹੋਣਗੀਆਂ। ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਚ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਇਸ ਮੰਗ ਦੇ ਪੂਰਾ ਹੋਣ ਨਾਲ ਖ਼ਾਸ ਕਰ ਕੇ ਗਰਭਵਤੀ ਔਰਤਾਂ ਅਤੇ ਹੋਰ ਇਸਤਰੀ ਰੋਗਾਂ ਨਾਲ ਸਬੰਧਤ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾਵਾਂ ਨੂੰ ਇਲਾਜ ਲਈ ਤਰਨਤਾਰਨ ਜਾਂ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਨਹੀਂ ਜਾਣਾ ਪਵੇਗਾ, ਜਿਸ ਨਾਲ ਸਮਾਂ ਅਤੇ ਖਰਚ ਦੋਵੇਂ ਦੀ ਬਚਤ ਹੋਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਦੀਪ ਸਿੰਘ ਸੰਧੂ ਪੱਟੀ, ਸੁਖਵਿੰਦਰ ਸਿੰਘ ਕੈਰੋ, ਵਿਰਸਾ ਸਿੰਘ ਰੱਤਾ ਗੁੱਦਾ ਅਤੇ ਰੇਸ਼ਮ ਸਿੰਘ ਕੰਡਿਆਲਾ ਵਾਲਿਆਂ ਵੱਲੋਂ ਡਾ. ਬੇਅੰਤ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਪੱਟੀ ਹਸਪਤਾਲ ਵਿਚ ਸਵਾਗਤ ਕੀਤਾ ਗਿਆ।