ਵਿਦਿਆਰਥਣਾਂ ਨੇ ਅਕਾਦਮਿਕ ਖੇਤਰ ’ਚ ਮੱਲਾਂ ਮਾਰੀਆਂ
ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਖੇਤਰ ’ਚ ਮੱਲਾਂ ਮਾਰੀਆਂ
Publish Date: Thu, 30 Apr 2026 05:33 PM (IST)
Updated Date: Fri, 01 May 2026 04:11 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਸੈਸ਼ਨ 2025-26 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਈਆਂ ਗਈਆਂ ਨਵੰਬਰ, ਦਸੰਬਰ 2025 ਦੀਆਂ ਪ੍ਰੀਖਿਆਵਾਂ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਪਹਿਲਾ ਦੂਜਾ ਸਥਾਨ ਹਾਸਿਲ ਕਰਕੇ ਮੱਲਾਂ ਮਾਰੀਆਂ ਹਨ। ਜਰਮਨ ਢਿੱਲੋਂ ਬੀਐੱਸਈ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਅਰਪਨਦੀਪ ਕੌਰ ਅਤੇ ਰਾਜਵੰਤ ਕੌਰ ਬੀਐੱਸਸੀ ਸਮੈਸਟਰ ਤੀਜਾ ਨੇ ਜ਼ਿਲ੍ਹਾ ਤਰਨਤਾਰਨ ਵਿੱਚੋਂ ਪਹਿਲਾ ਸਥਾਨ ਅਤੇ ਨਵਰੂਪਦੀਪ ਸਿੰਘ ਬੀਐੱਸਈ ਸਮੈਸਟਰ ਪਹਿਲਾ ਨੇ ਜ਼ਿਲ੍ਹਾ ਤਰਨਤਾਰਨ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਜ਼ਿਲ੍ਹਾ ਪੱਧਰ ਦੀ ਮੈਰਿਟ ਲਿਸਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਉਨ੍ਹਾਂ ਦੇ ਮਾਣ ਵਿਚ ਵਾਧਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਰੋਹਿਤ ਸ਼ਰਮਾ ਤੇ ਵਿਭਾਗ ਦੇ ਪ੍ਰੋਫੈਸਰ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਮੈਰਿਟਾਂ ਨੂੰ ਭਵਿੱਖ ਵਿਚ ਵੀ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਲਜ ਜਿਥੇ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਕਲਾਵਾਂ ਵਿਚ ਪ੍ਰਾਪਤੀਆਂ ਕਰ ਰਿਹਾ ਹੈ, ਉਥੇ ਅਕਾਦਮਿਕ ਵਿੱਦਿਆ ਦੇ ਖੇਤਰ ਵਿਚ ਵੀ ਨਾਮਣਾ ਖੱਟ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਕ ਵਿਦਿਆਰਥੀ ਦੇ ਜੀਵਨ ਵਿਚ ਉਸਦੇ ਅਧਿਆਪਕ ਦੀ ਯੋਗ ਅਗਵਾਈ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਉਸ ਦੀ ਦਿੱਤੀ ਹੋਈ ਪ੍ਰੇਰਨਾ ਤੇ ਮਾਰਗਦਰਸ਼ਨ ਵਿਦਿਆਰਥੀ ਨੂੰ ਉਸਦੀ ਮੰਜ਼ਿਲ ਤਕ ਪਹੁੰਚਾਉਂਦੀ ਹੈ। ਇਸ ਮੌਕੇ ਪ੍ਰੋਫੈਸਰ ਰੋਹਿਤ ਸ਼ਰਮਾ, ਡਾ. ਕੰਵਲਜੀਤ ਸਿੰਘ, ਡਾ. ਜਤਿੰਦਰ ਸਿੰਘ ਸਿੱਧੂ, ਪ੍ਰੋਫੈਸਰ ਰਵਿੰਦਰ ਕੌਰ, ਡਾ. ਕੁਲਜੀਤ ਕੌਰ, ਪ੍ਰੋਫੈਸਰ ਪੂਨਮ ਗਿੱਲ, ਪ੍ਰੋਫੈਸਰ ਨੇਹਾ ਸਿੰਘ ਆਦਿ ਹਾਜਰ ਸਨ।