ਮਜ਼ਦੂਰ ਦਿਵਸ ਦੌਰਾਨ ਬੱਚਿਆਂ ਨੇ ਦਿੱਤਾ ਮਿਹਨਤ ਦਾ ਸੰਦੇਸ਼
ਕਿਡਜ਼ੀ ਪ੍ਰੀ ਸਕੂਲ ਪੱਟੀ ’ਚ ਮਜ਼ਦੂਰ ਦਿਵਸ ਮਨਾਇਆ, ਬੱਚਿਆਂ ਨੇ ਦਿੱਤਾ ਮਿਹਨਤ ਦਾ ਸੰਦੇਸ਼
Publish Date: Thu, 30 Apr 2026 05:28 PM (IST)
Updated Date: Fri, 01 May 2026 04:11 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਕਿਡਜ਼ੀ ਪ੍ਰੀ ਸਕੂਲ ਪੱਟੀ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਬੱਚਿਆਂ ਨੂੰ ਮਜ਼ਦੂਰ ਵਰਗ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਨਾ ਸੀ। ਸਮਾਗਮ ਦੌਰਾਨ ਬੱਚਿਆਂ ਵੱਲੋਂ ਰੰਗ-ਬਿਰੰਗੇ ਪ੍ਰਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਚੈਅਰਮੈਨ ਮਲਕੀਅਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਕਿਡਜ਼ੀ ਪ੍ਰੀ ਸਕੂਲ ਪੱਟੀ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ ਹੈ। ਬੱਚਿਆਂ ਨੇ ਦਿੱਤਾ ਮਿਹਨਤ ਦਾ ਸੰਦੇਸ਼ ਉਨ੍ਹਾਂ ਦੀ ਮਿਹਨਤ ਨਾਲ ਹੀ ਸਮਾਜ ਦੀ ਤਰੱਕੀ ਸੰਭਵ ਹੁੰਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਹਰ ਵਰਗ ਦਾ ਆਦਮੀ ਸਨਮਾਨ ਦੇ ਯੋਗ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਬੱਚਿਆਂ ਨੂੰ ਸਿਰਫ਼ ਪਾਠਕ੍ਰਮ ਤਕ ਹੀ ਸੀਮਿਤ ਨਹੀਂ ਰੱਖਿਆ ਜਾਂਦਾ, ਸਗੋਂ ਉਨ੍ਹਾਂ ਨੂੰ ਸਮਾਜਿਕ ਮੁੱਲਾਂ ਅਤੇ ਨੈਤਿਕ ਸਿੱਖਿਆ ਨਾਲ ਵੀ ਜੋੜਿਆ ਜਾਂਦਾ ਹੈ। ਵਾਈਸ ਪ੍ਰਿੰਸੀਪਲ ਹੀਨਾ ਸ਼ਰਮਾ ਨੇ ਸਮਾਗਮ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਛੋਟੀ ਉਮਰ ਵਿਚ ਬੱਚਿਆਂ ਨੂੰ ਇਸ ਤਰ੍ਹਾਂ ਦੇ ਦਿਨਾਂ ਦੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਵੱਡੇ ਹੋ ਕੇ ਸਮਾਜ ਦੇ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣ ਸਕਣ। ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਮਜ਼ਦੂਰਾਂ ਦੀ ਜ਼ਿੰਦਗੀ ‘ਤੇ ਆਧਾਰਿਤ ਨਾਟਕ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ। ਬੱਚਿਆਂ ਨੇ ਵੱਖ-ਵੱਖ ਪੇਸ਼ਿਆਂ ਜਿਵੇਂ ਕਿ ਮਜ਼ਦੂਰ, ਸਫਾਈ ਕਰਮਚਾਰੀ ਅਤੇ ਕਿਸਾਨਾਂ ਦੇ ਭੇਸ ਧਾਰਨ ਕਰਕੇ ਉਨ੍ਹਾਂ ਦੀ ਦਿਨਚਰੀ ਨੂੰ ਦਰਸਾਇਆ, ਜਿਸ ਨਾਲ ਮੌਜੂਦ ਦਰਸ਼ਕਾਂ ਨੂੰ ਇਕ ਮਹੱਤਵਪੂਰਨ ਸੰਦੇਸ਼ ਮਿਲਿਆ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਅੰਮ੍ਰਿਤਪਾਲ ਕੌਰ, ਨੀਰੂ ਭਾਰਦਵਾਜ, ਮਨਪ੍ਰੀਤ ਕੌਰ, ਪਵਨਦੀਪ ਕੌਰ, ਰਿਪਨਜੀਤ ਕੌਰ, ਰਾਜਬੀਰ ਕੌਰ, ਸ਼ਿਵਾਨੀ ਵੋਹਰਾ, ਆਰਤੀ, ਕਾਜਲ, ਕਮਲਜੀਤ ਕੌਰ, ਬਲਜੀਤ ਕੌਰ ਅਤੇ ਗੁਰਜਾਂ ਕੌਰ ਹਾਜਰ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਬੱਚਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਜ਼ਦੂਰ ਵਰਗ ਦੀ ਭਲਾਈ ਲਈ ਹਮੇਸ਼ਾ ਸਹਿਯੋਗ ਦੇਣ ਦਾ ਸੰਕਲਪ ਕੀਤਾ ਗਿਆ।