ਪਿੰਡ ਮਾਣਕਪੁਰਾ ’ਚ ਕਿਸਾਨ ਸਿਖਲਾਈ ਕੈਂਪ ਲਾਇਆ
ਪਿੰਡ ਮਾਣਕਪੁਰਾ ’ਚ ਕਿਸਾਨ ਸਿਖਲਾਈ ਕੈਂਪ ਲਗਾਇਆ
Publish Date: Thu, 30 Apr 2026 05:26 PM (IST)
Updated Date: Fri, 01 May 2026 04:09 AM (IST)

ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕੀਤੀ ਜਾਵੇ ਸਾਉਣੀ ਦੀ ਮੱਕੀ ’ਤੇ 7 ਹਜ਼ਾਰ ਰੁਪਏ ਤੇ ਸਿੱਧੀ ਬਿਜਾਈ ਤੇ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਦੇ ਨਿਯਮਾਂ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੱਟੀ ਦੁਆਰਾ ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ, ਮਿੱਟੀ ਪਰਖ ਅਤੇ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜਾਗਰੂਕ ਕਰਨ ਹਿੱਤ ਕਿਸਾਨ ਸਿਖਲਾਈ ਕੈਂਪ ਅਤੇ ਮਿੱਟੀ ਦੇ ਨਮੂਨੇ ਸਬੰਧੀ ਖੇਤ ਪ੍ਰਦਰਸ਼ਨੀ ਦਾ ਆਯੋਜਨ ਪਿੰਡ ਮਾਣਕਪੁਰਾ ਵਿਖੇ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ, ਡਾ. ਹਰਮਨਦੀਪ ਕੌਰ ਏਡੀਓ, ਡਾ. ਪਰਮਿੰਦਰ ਕੌਰ ਏਡੀਓ, ਕੇਵੀਕੇ ਬੂਹ ਦੇ ਮਾਹਿਰ ਡਾ. ਨਵਜੋਤ ਸਿੰਘ ਬਰਾੜ, ਡਾ. ਪ੍ਰਭਜਿੰਦਰ ਸਿੰਘ ਮਾਨ ਅਤੇ ਭਾਰਤ ਮੱਕੀ ਖੋਜ ਇੰਸਟੀਚਿਊਟ, ਲੁਧਿਆਣਾ ਦੇ ਵਿਗਿਆਨੀ ਡਾ. ਪ੍ਰਦੀਪ ਕੁਮਾਰ, ਡਾ. ਰੋਮਿਨ ਸ਼ਰਮਾ, ਡਾ. ਪ੍ਰਕਾਸ਼ ਨੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਦੀ ਸੁਚੱਜੀ ਕਾਸ਼ਤ, ਪਸ਼ੂ ਪਾਲਣ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫ਼ਸਰ, ਪੱਟੀ ਨੇ ਕਿਹਾ ਕਿ ਗੈਰ ਕੁਦਰਤੀ ਢੰਗਾਂ ਨਾਲ ਕੀਤੀ ਖੇਤੀ ਕਾਰਨ ਮਿੱਟੀ ਦਾ ਉਪਜਾਊਪਣ ਘੱਟ ਜਾਂਦਾ ਹੈ ਜਿਸ ਨਾਲ ਖਾਦਾਂ ਦੀ ਖ਼ਪਤ ਵੱਧ ਜਾਂਦੀ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸਾਨੂੰ ਅਜਿਹੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ ਜਿਸ ਨਾਲ ਕੁਦਰਤੀ ਸੋਮੇ-ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਦੀ ਸਲਾਮਤੀ ਬਣੀ ਰਹੇ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਸੂਝਵਾਨ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਵਾਇਤੀ ਕੱਦੂ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਵਧੀਆ ਅਤੇ ਸੌਖੀ ਤਕਨੀਕ ਹੈ। ਇਸ ਤਕਨੀਕ ਨਾਲ ਮਜ਼ਦੂਰੀ ਦੀ ਬੱਚਤ ਤੋਂ ਇਲਾਵਾ ਫ਼ਸਲ ਨੂੰ ਘੱਟ ਬਿਮਾਰੀ ਲੱਗਦੀ ਹੈ। ਇਸ ਦੌਰਾਨ ਮਾਹਿਰਾਂ ਨੇ ਸਿੱਧੀ ਬਿਜਾਈ ਤੋਂ ਚੰਗੇ ਨਤੀਜੇ ਲੈਣ ਲਈ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲਾ ਪੰਦਰਵਾੜੇ ਤਕ ਢੁੱਕਵਾਂ ਸਮਾਂ ਹੈ। ਬੀਜ ਨੂੰ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਪਰਿੰਟ ਦਵਾਈ ਨਾਲ ਸੋਧ ਲੈਣ ਉਪਰੰਤ ਬੀਜ਼ ਅਤੇ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾ ਕੀਤਾ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰ ਵੱਤਰ ਖੇਤਾਂ ਵਿਚ ਬਿਜਾਈ ਸਮੇਂ ਅਤੇ ਸੁੱਕੇ ਖੇਤਾਂ ਵਿਚ ਪਾਣੀ ਲਾਉਣ ਤੋਂ ਬਾਅਦ ਪੈਂਡੀਮੈਥਾਲੀਨ 30 ਈਸੀ ਜਾਂ ਪੇਪੇ 25 ਐੱਸਈ ਦਾ ਛਿੜਕਾਅ ਕਰਨ ਨਾਲ ਫ਼ਸਲ ਮੁੱਢਲੇ ਦਿਨਾਂ ਵਿਚ ਨਦੀਨ ਰਹਿਤ ਰਹਿੰਦੀ ਹੈ। ਖੜੀ ਫ਼ਸਲ ਵਿਚ ਜੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਤਾਂ ਨਦੀਨਨਾਸ਼ਕਾਂ ਦੀ ਚੋਣ ਖੇਤ ’ਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ ’ਤੇ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ ਤੇ ਛਿੜਕਾਅ ਸਮੇਂ ਨਦੀਨ ਦੋ ਤਿੰਨ ਪੱਤਿਆਂ ਦੀ ਅਵਸਥਾ ਤੋਂ ਵੱਡੇ ਨਾ ਹੋਣ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜੇਕਰ ਕੋਈ ਕਿਸਾਨ ਝੋਨੇ ਦੇ ਬਜਾਏ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਪ੍ਰਤੀ ਏਕੜ 7 ਹਜ਼ਾਰ ਰੁਪਏ ਅਤੇ ਜੇਕਰ ਕੋਈ ਕਿਸਾਨ ਰਵਾਇਤੀ ਤਕਨੀਕ ਦੀ ਬਿਜਾਏ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਕਰੇਗਾ ਤਾਂ ਉਸ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ। ਇਸ ਦੌਰਾਨ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨ ਦੀ ਸਲਾਹ ਦਿੰਦੇ ਦੱਸਿਆਂ ਕਿ ਜੇਕਰ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ। ਇਸ ਮੌਕੇ ਵਿਭਾਗ ਨੇ ਮਹਿਕਮੇ ਦੁਆਰਾ ਸਬਸਿਡੀ ’ਤੇ ਦਿੱਤੀ ਜਾ ਰਹੀ ਜਿਪਸਮ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਸਹੂਲਤਾਂ ਲਈ ਕਿਸਾਨ ਆਈਡੀ ਬਣਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਦਰਬਾਰਾ ਸਿੰਘ, ਗੁਰਦੇਵ ਸਿੰਘ ਏਟੀਐੱਮ, ਨਿਸ਼ਾਨ ਸਿੰਘ ਖੇਤੀ ਉਪ ਨਿਰੀਖਕ, ਫ਼ਤਿਹ ਸਿੰਘ ਫੀਲਡ ਵਰਕਰ, ਦਿਲਬਾਗ ਸਿੰਘ ਫੀਲਡ ਵਰਕਰ, ਬਲਜੀਤ ਕੌਰ ਫੀਲਡ ਵਰਕਰ ਅਤੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।