ਸਾਇਰਨ ਵੱਜਦਿਆਂ ਹੀ ਹਨੇਰੇ ’ਚ ਡੁੱਬਿਆ ਐੱਸਡੀਐੱਮ ਕੰਪਲੈਕਸ
ਰਾਤ 8 ਵਜੇ ਸਾਇਰਨ ਵੱਜਦਿਆਂ ਹੀ ਹਨੇਰੇ ’ਚ ਡੁੱਬਿਆ ਐੱਸਡੀਐੱਮ ਕੰਪਲੈਕਸ
Publish Date: Fri, 24 Apr 2026 09:30 PM (IST)
Updated Date: Sat, 25 Apr 2026 04:13 AM (IST)

ਸਿਵਲ ਡਿਫੈਂਸ ਨੇ ਕੀਤੀ ਬਲੈਕਆਊਟ ਤੇ ਹਵਾਈ ਹਮਲੇ ਦੀ ਮੌਕ ਡਰਿੱਲ ਇਕ ਸਾਲ ਬਾਅਦ ਮੁੜ ਤਾਜ਼ਾ ਹੋਈ ਆਪ੍ਰੇਸ਼ਨ ਸਿੰਧੂਰ ਦੀ ਯਾਦ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ’ਚ ਰਾਤ 8 ਵਜੇ ਜਿਵੇਂ ਹੀ ਸਾਇਰਨ ਦੀ ਆਵਾਜ ਸੁਣਾਈ ਦਿੱਤੀ, ਨਾਲ ਹੀ ਤਰਨਤਾਰਨ ਦਾ ਐੱਸਡੀਐੱਮ ਕੰਪਲੈਕਸ ਹਨੇਰੇ ਵਿਚ ਡੁੱਬ ਗਿਆ। ਮੌਕਾ ਸੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ ਮੁਤਾਬਿਕ ਸਿਵਲ ਡਿਫੈਂਸ ਵੱਲੋਂ ਕਰਵਾਈ ਗਈ ਬੈਲਕ ਆਊਟ ਤੇ ਹਵਾਈ ਹਮਲੇ ਦੀ ਮੌਕ ਡਰਿੱਲ ਦਾ। ਜਿਸਦੇ ਚੱਲਦਿਆਂ ਇਕ ਸਾਲ ਬਾਅਦ ਮੁੜ ਆਪ੍ਰੇਸ਼ਨ ਸਿੰਧੂਰ ਦੀ ਯਾਦ ਤਾਜਾ ਹੋ ਗਈ। ਇਹ ਮੌਕ ਡਰਿੱਲ ਕਿਸੇ ਵੀ ਸੰਭਾਵੀ ਹਵਾਈ ਹਮਲੇ ਮੌਕੇ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਗਈ। ਸ਼ੁਕਰਵਾਰ ਰਾਤ 8 ਵਜੇ ਐੱਸਡੀਐੱਮ ਕੰਪਲੈਕਸ ’ਚ ਸਾਇਰਨ ਦੀ ਆਵਾਜ਼ ਗੂੰਝੀ ਅਤੇ ਸਮੁੱਚਾ ਕੰਪਲੈਕਸ ਹਨੇਰੇ ਵਿਚ ਡੁੱਬ ਗਿਆ। ਇਹ ਮੌਕ ਡਰਿੱਲ ਹਵਾਈ ਹਮਲੇ ਦੇ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਈ, ਜੋ ਸਾਇਰਨ ਰਾਹੀਂ ਦਿੱਤਾ ਗਿਆ। ਇਸ ਮੌਕ ਡਰਿੱਲ ਦੌਰਾਨ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਕਰੀਬ 15 ਮਿੰਟ ਦੇ ਇਸ ਬਲੈਕਆਊਟ ਦੌਰਾਨ ਨਿਰਧਾਰਤ ਖੇਤਰ ਵਿਚ ਸਾਰੀਆਂ ਬੱਤੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਮੁੱਚੇ ਐੱਸਡੀਐੱਮ ਕੰਪਲੈਕਸ ਵਿਚ ਘੁੱਪ ਹਨੇਰਾ ਛਾ ਗਿਆ। ਮੌਕ ਡਰਿੱਲ ਸਮਾਪਤ ਹੋਣ ਉਪਰੰਤ ‘ਆਲ ਕਲੀਅਰ’ ਸਿਗਨਲ ਉੱਚੀ ਧੁੰਨ ਵਾਲੇ ਸਾਇਰਨ ਰਾਂਹੀ 2 ਮਿੰਟ ਤਕ ਵਜਾਇਆ ਗਿਆ, ਜੋ ਇਸ ਡਰਿੱਲ ਦੇ ਖ਼ਤਮ ਹੋਣ ਦਾ ਸੰਕੇਤ ਸੀ। ਇਸ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਬਚਾਅ ਤੇ ਰਾਹਤ ਕਾਰਜ, ਫਸਟ ਏਡ ਤੇ ਮੈਡੀਕਲ ਸਹਾਇਤਾ, ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਕਾਰਵਾਈ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਵਾਂ ਦੀ ਰਿਹਰਸਲ ਕੀਤੀ ਗਈ। ਇਸ ਮੌਕੇ ਵਲੰਟੀਅਰ, ਸਿਵਲ ਡਿਫੈਂਸ ਦੇ ਕਰਮਚਾਰੀ, ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਐੱਸਡੀਐੱਮ ਡਾ. ਕਰਨਵੀਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਰਿਹਰਸਲ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੂਰੇ ਦੇਸ਼ ਵਿਚ ਮੌਕ ਡਰਿੱਲ ਹਰੇਕ ਸਾਲ ਦੇ ਅਪ੍ਰੈਲ ਅਤੇ ਨਵੰਬਰ ਦੇ ਮਹੀਨੇ ਵਿਚ ਕਰਵਾਈ ਜਾਇਆ ਕਰੇਗੀ।