ਆਬਕਾਰੀ ਵਿਭਾਗ ਦੀ ਛਾਪੇਮਾਰੀ, 4100 ਲੀਟਰ ਲਾਹਣ ਬਰਾਮਦ
ਆਬਕਾਰੀ ਵਿਭਾਗ ਨੇ ਪਿੰਡ ਕਸੇਲ ’ਚ ਕੀਤੀ ਛਾਪੇਮਾਰੀ, 4100 ਲੀਟਰ ਲਾਹਣ ਬਰਾਮਦ
Publish Date: Fri, 24 Apr 2026 09:27 PM (IST)
Updated Date: Sat, 25 Apr 2026 04:13 AM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ ਆਬਕਾਰੀ ਵਿਭਾਗ ਤਰਨਤਾਰਨ ਦੀ ਟੀਮ ਨੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਪਿੰਡ ਕਸੇਲ ਵਿਖੇ ਵੱਡੇ ਪੱਧਰ ’ਤੇ ਛਾਪੇਮਾਰੀ ਕਰਕੇ 4 ਹਜ਼ਾਰ ਲੀਟਰ ਤੋਂ ਵੱਧ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਮੌਕੇ ’ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਪਹੁੰਚ ਕੇ ਬਰਾਮਦ ਹੋਏ ਲਾਹਣ ਦੇ ਡਰੰਮਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਬਕਾਰੀ ਵਿਭਾਗ ਦੇ ਈਟੀਓ ਇੰਦਰਜੀਤ ਸਿੰਘ ਸਹਿਜਰਾ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਕਰਨ ਸ਼ਰਮਾ, ਹਿਤੇਸ਼ ਪ੍ਰਭਾਕਰ, ਰਾਮ ਮੂਰਤੀ ਅਤੇ ਜਗਦੀਪ ਕੌਰ ਸਮੇਤ ਆਬਕਾਰੀ ਸਟਾਫ਼ ’ਤੇ ਅਧਾਰਿਤ ਵੱਡੀ ਟੀਮ ਨੇ ਸ਼ੁਕਰਵਾਰ ਨੂੰ ਪਿੰਡ ਕਸੇਲ ਪਿੰਡ ਵਿਖੇ ਛਾਪਾ ਮਾਰਿਆ, ਜਿੱਥੇ ਬਲਜਿੰਦਰ ਸਿੰਘ ਅਤੇ ਮਲਕੀਤ ਸਿੰਘ ਦੇ ਘਰੋਂ 4100 ਲੀਟਰ ਲਾਹਣ ਜੋ 23 ਡਰੰਮਾਂ ਵਿਚ ਪਾਈ ਹੋਈ ਸੀ, ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਇਹ ਵੱਡੀ ਕਾਰਵਾਈ ਹੈ ਅਤੇ ਅਜਿਹੀਆਂ ਛਾਪੇਮਾਰੀਆਂ ਅੱਗੇ ਵੀ ਜਾਰੀ ਰਹਿਣਗੀਆਂ। ਈਟੀਓ ਸਹਿਜਰਾ ਨੇ ਕਿਹਾ ਕਿ ਉਕਤ ਬਰਾਮਦਗੀ ਸਬੰਧੀ ਇਲਾਕੇ ਨਾਲ ਸਬੰਧਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੋਵਾਂ ਜਣਿਆਂ ਵਿਰੁੱਧ ਕੇਸ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।