ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਾ ਝੁਕਾਂਗੇ, ਨਾ ਰੁਕਾਂਗੇ : ਬ੍ਰਹਮਪੁਰਾ
ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਾ ਝੁਕਾਂਗੇ, ਨਾ ਰੁਕਾਂਗੇ - ਬ੍ਰਹਮਪੁਰਾ
Publish Date: Wed, 22 Apr 2026 08:23 PM (IST)
Updated Date: Wed, 22 Apr 2026 08:28 PM (IST)

- ਅਰਦਾਸ ਉਪਰੰਤ ਦਾਗੀ ਅਨਸਰਾਂ ਖ਼ਿਲਾਫ਼ ਪਿੰਡ-ਪਿੰਡ ਜਾ ਕੇ ਵਿਆਪਕ ਮੁਹਿੰਮ ਵਿੱਢਣ ਦਾ ਐਲਾਨ ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬੁੱਧਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਭਾਰੀ ਸੰਗਤ ਸਮੇਤ ਗੁਰੂ ਚਰਨਾਂ ਵਿਚ ਅਰਦਾਸ ਕੀਤੀ। ਇਸ ਅਰਦਾਸ ਤੋਂ ਤੁਰੰਤ ਬਾਅਦ ਬ੍ਰਹਮਪੁਰਾ ਵੱਲੋਂ ਇਲਾਕੇ ਨੂੰ ਮਾੜੇ ਅਨਸਰਾਂ ਤੋਂ ਮੁਕਤ ਕਰਵਾਉਣ ਲਈ ਪਿੰਡ-ਪਿੰਡ ਜਾ ਕੇ ਵਿਆਪਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਬ੍ਰਹਮਪੁਰਾ ਨੇ ਬਿਨਾਂ ਕਿਸੇ ਦਾ ਨਾਂ ਲਏ ਸਿਆਸੀ ਹਲਕਿਆਂ ਵਿਚ ਵੱਡਾ ਧਮਾਕਾ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ 8 ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਨੂੰ ਕਦੇ ਵੀ ਉਨ੍ਹਾਂ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਪਿਛੋਕੜ ਅਪਰਾਧ ਨਾਲ ਜੁੜਿਆ ਹੋਵੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਿਆਸਤ ਵਿਚ ਅਹੁਦਿਆਂ ਜਾਂ ਕੁਰਸੀਆਂ ਦੀ ਖ਼ਾਤਿਰ ਪੰਥਕ ਅਸੂਲਾਂ ਅਤੇ ਸਾਡੀ ਆਉਣ ਵਾਲੀ ਨਸਲ ਦਾ ਸੌਦਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਦੋਂ ਸਿਆਸੀ ਧਿਰਾਂ ਇਨਸਾਫ਼ ਕਰਨ ਤੋਂ ਅੱਖਾਂ ਫ਼ੇਰ ਲੈਣ ਅਤੇ ਦਾਗੀ ਅਨਸਰਾਂ ਨੂੰ ਗਲੇ ਲਗਾਉਣ ਲੱਗ ਪੈਣ, ਤਾਂ ਖ਼ਾਲਸੇ ਕੋਲ ਸਿਰਫ਼ ਅਕਾਲ ਪੁਰਖ ਦੀ ਕਚਹਿਰੀ ਦਾ ਹੀ ਆਸਰਾ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ-2026’ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਲਾਗੂ ਕਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਇਤਿਹਾਸਕ ਫ਼ੈਸਲਿਆਂ ਦੀ ਸ਼ਲਾਘਾ ਆਪਣੀ ਜਗ੍ਹਾ ਹੈ, ਪਰ ਪੁਰਾਣੇ ਗੁਨਾਹਗਾਰਾਂ ਦੇ ਹਿਸਾਬ ਬਿਨਾਂ ਪੰਥ ਦਾ ਇਨਸਾਫ਼ ਨਹੀਂ ਹੋਵੇਗਾ। ਉਨ੍ਹਾਂ ਕਿਹਾ ਯਾਦ ਰਹੇ ਕਿ ਖਡੂਰ ਸਾਹਿਬ ਦੀ ਅੱਜ ਦੀ ਖ਼ਾਮੋਸ਼ੀ ਕੋਈ ਕਮਜ਼ੋਰੀ ਨਹੀਂ, ਬਲਕਿ ਉਸ ਸਿਆਸੀ ਤੂਫ਼ਾਨ ਦੀ ਆਹਟ ਹੈ ਜੋ ਕਈਆਂ ਦੇ ਸਿਆਸੀ ਅਖਾੜਿਆਂ ਦੀਆਂ ਜੜ੍ਹਾਂ ਪੁੱਟ ਦੇਵੇਗਾ। ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਜੋ ਤਾਕਤਾਂ ਸਿਆਸੀ ਛਤਰੀ ਹੇਠ ਪੰਜਾਬ ਦੇ ਉਜਾੜੇ ਦਾ ਕਾਰਨ ਬਣ ਰਹੀਆਂ ਹਨ, ਹਲਕੇ ਦੇ ਲੋਕ ਹੁਣ ਉਨ੍ਹਾਂ ਦੇ ਅਸਲੀ ਚਿਹਰੇ ਪਛਾਣ ਚੁੱਕੇ ਹਨ। ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਡਾ. ਜਤਿੰਦਰ ਸਿੰਘ, ਦਿਲਬਾਗ ਸਿੰਘ ਕਾਹਲਵਾਂ, ਕੰਵਰਦੀਪ ਸਿੰਘ ਬ੍ਰਹਮਪੁਰਾ, ਦਿਲਬਰ ਸਿੰਘ, ਬਲਬੀਰ ਸਿੰਘ ਬੱਲੀ, ਸਾਧਾ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਸੈਕਟਰੀ, ਦਲਬੀਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਪੂਰਨ ਸਿੰਘ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਰਣਜੀਤ ਸਿੰਘ ਭੱਠਲ, ਸ਼ਿੰਗਾਰਾ ਸਿੰਘ ਵਰੇਆਂ, ਦਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਰਪੰਚ ਰਾਣੀ ਵਲਾਹ, ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਮੋਹਨ ਸਿੰਘ, ਜਗਰੂਪ ਸਿੰਘ ਪੱਖੋਪੁਰ, ਬਾਵਾ ਸਿੰਘ ਸਾਬਕਾ ਸਰਪੰਚ ਰਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਮਾਸਟਰ ਗੁਰਨਾਮ ਸਿੰਘ ਧੁੰਨ, ਜੋਤਾ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਜੁਝਾਰ ਸਿੰਘ ਘੜਕਾ, ਫ਼ਤਹਿ ਸਿੰਘ ਸਰਪੰਚ ਘੜਕਾ, ਸਤਨਾਮ ਸਿੰਘ ਘੜਕਾ, ਪਰਮਜੀਤ ਸਿੰਘ ਚੰਬਾ, ਫ਼ਕਰ ਸਿੰਘ ਸੰਗਤਪੁਰਾ, ਮਨਜਿੰਦਰ ਸਿੰਘ ਸੰਗਤਪੁਰਾ ਅਤੇ ਰਣਜੀਤ ਸਿੰਘ ਮੁੰਡਾਪਿੰਡ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।