ਕਣਕ ਕਟਵਾ ਰਹੇ ਵਿਅਕਤੀ ’ਤੇ ਚਲਾਈਆਂ ਗੋਲੀਆਂ, ਵਾਲ-ਵਾਲ ਬਚਿਆ
ਕਣਕ ਕਟਵਾ ਰਹੇ ਵਿਅਕਤੀ ਉੱਪਰ ਚਲਾਈਆਂ ਗੋਲੀਆਂ, ਵਾਲ ਵਾਲ ਬਚਿਆ
Publish Date: Wed, 22 Apr 2026 08:09 PM (IST)
Updated Date: Wed, 22 Apr 2026 08:13 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪਿੰਡ ਏਕਲਗੱਡਾ ’ਚ ਕੰਬਾਇਨ ਨਾਲ ਕਣਕ ਦੀ ਕਟਾਈ ਕਰਵਾ ਰਹੇ ਇਕ ਵਿਅਕਤੀ ਉੱਪਰ ਕਥਿਤ ਤੌਰ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਗੋਲੀਬਾਰੀ ਦੌਰਾਨ ਉਕਤ ਵਿਅਕਤੀ ਵਾਲ-ਵਾਲ ਬਚਿਆ। ਦੂਜੇ ਪਾਸੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਸ ਘਟਨਾ ਸਬੰਧੀ ਅੱਧਾ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਵੰਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਏਕਲਗੱਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਦੁਪਹਿਰ ਕਰੀਬ ਇਕ ਵਜੇ ਆਪਣੇ ਚਾਚੇ ਅਤੇ ਹੋਰ ਸਾਥੀਆਂ ਸਮੇਤ ਕੰਬਾਇਨ ਨਾਲ ਕਣਕ ਕਟਵਾ ਰਿਹਾ ਸੀ। ਇਸ ਦੌਰਾਨ ਕਰਨਬੀਰ ਸਿੰਘ ਪੁੱਤਰ ਰਸਾਲ ਸਿੰਘ ਵਾਸੀ ਏਕਲਗੱਡਾ ਪੰਜ ਦੇ ਕਰੀਬ ਅਣਪਛਾਤੇ ਵਿਅਕਤੀਆਂ ਸਮੇਤ ਉੱਥੇ ਆਇਆ ਅਤੇ ਪਿਸਤੌਲ ਨਾਲ ਉਸ ਉੱਪਰ ਗੋਲੀ ਚਲਾ ਦਿੱਤੀ। ਉਸ ਨੇ ਹੇਠਾਂ ਬੈਠ ਕੇ ਆਪਣੀ ਜਾਨ ਬਚਾਈ। ਜਦੋਂ ਉਹ ਦੂਸਰੀ ਗੋਲੀ ਚਲਾਉਣ ਲੱਗਾ ਤਾਂ ਉਸ ਦਾ ਪਿਸਤੌਲ ਨਹੀਂ ਚੱਲਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਲਾਕਾ ਵਾਸੀ ਇਕੱਠੇ ਹੋਣ ਲੱਗੇ ਤਾਂ ਉਕਤ ਲੋਕ ਮੌਕੇ ਤੋਂ ਫ਼ਰਾਰ ਹੋ ਗਏ। ਉਸ ਨੇ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਉਸ ਦੀ ਤੇ ਕਰਨਬੀਰ ਸਿੰਘ ਦੀ ਜ਼ਮੀਨ ਨੂੰ ਛੱਡੇ ਰਸਤੇ ਸਬੰਧੀ ਝਗੜਾ ਚੱਲ ਰਿਹਾ ਹੈ, ਇਸੇ ਰੰਜਿਸ਼ ਤਹਿਤ ਹੀ ਉਸ ਉੱਪਰ ਗੋਲੀ ਚਲਾਈ ਗਈ ਹੈ। ਮੌਕੇ ’ਤੇ ਪੁੱਜੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਕਰਨਬੀਰ ਸਿੰਘ ਸਣੇ ਪੰਜ ਅਣਪਛਾਤਿਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਜਾਂਚ ਜਾਰੀ ਹੈ।