ਜੇਲ੍ਹ ’ਚੋਂ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ ਬਰਾਮਦ
ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ ਬਰਾਮਦ
Publish Date: Wed, 22 Apr 2026 06:25 PM (IST)
Updated Date: Wed, 22 Apr 2026 06:28 PM (IST)

- ਅੱਧਾ ਦਰਜਨ ਮੋਬਾਈਲ ਫੋਨ ਵੀ ਮਿਲੇ, ਪੁਲਿਸ ਨੇ ਦਰਜ ਕੀਤੇ ਦੋ ਕੇਸ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚਲਾਈ ਗਈ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਤੰਬਾਕੂ ਪਦਾਰਥ ਅਤੇ ਮੋਬਾਈਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਅਧਿਕਾਰੀਆਂ ਨੇ ਉਕਤ ਸਮੱਗਰੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤੀ ਹੈ। ਜਿੱਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਪੁਲਿਸ ਨੂੰ ਜਾਰੀ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਚੈਕਿੰਗ ਦੌਰਾਨ ਚਾਰ ਸਮਾਰਟ ਫੋਨ, 140 ਪੈਕੇਟ ਤੰਬਾਕੂ, 10 ਪੈਕੇਟ ਕੂਲ ਲਿਪ, 120 ਬੀੜੀਆਂ ਦੇ ਬੰਡਲ, 4 ਲਾਈਟਰ ਅਤੇ 5 ਹੀਟਰ ਸਪਰਿੰਗ ਬਰਾਮਦ ਹੋਏ। ਇਸੇ ਤਰ੍ਹਾਂ ਹੀ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਵਾਲੀ ਟੀਮ ਨੇ ਚੈਕਿੰਗ ਦੌਰਾਨ ਲਾਵਾਰਿਸ ਹਾਲਤ ਵਿਚ ਦੋ ਕੀਪੈਡ ਵਾਲੇ ਫੋਨ, ਇਕ ਬੈਟਰੀ, 6 ਸਮਾਰਟ ਫੋਨ, 124 ਤੰਬਾਕੂ ਪੈਕੇਟ, 30 ਪੈਕੇਟ ਕੂਲ ਲਿਪ, 220 ਬੀੜੀਆਂ ਦੇ ਬੰਡਲ, 8 ਲਾਈਟਰ ਅਤੇ 16 ਪੈਕੇਟ ਸਿਗਰਟ ਬਰਾਮਦ ਹੋਏ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਦਰਜ ਕੀਤੇ ਗਏ ਦੋਵਾਂ ਕੇਸਾਂ ਦੀ ਜਾਂਚ ਲਈ ਲੜੀਵਾਰ ਸਬ ਇੰਸਪੈਕਟਰ ਕਮਲਜੀਤ ਅਤੇ ਸਬ ਇੰਸਪੈਕਟਰ ਵਿਕਰਮ ਸਿੰਘ ਦੀ ਡਿਊਟੀ ਲਾਈ ਗਈ ਹੈ। ਗੋਇੰਦਵਾਲ ਸਾਹਿਬ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਲੰਗਰ 2 ਦੀ ਤਲਾਸ਼ੀ ਦੌਰਾਨ ਬੰਦੀ ਜੋਗਿੰਦਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਕਾਜੀਕੋਟ ਕਲਾਂ ਕੋਲੋਂ ਸਮਾਰਟ ਫੋਨ ਸਣੇ ਸਿਮ ਕਾਰਡ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਇਆ ਫੋਨ ਪੁਲਿਸ ਨੂੰ ਸੌਂਪ ਦਿੱਤਾ ਗਿਆ। ਦੂਜੇ ਵਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਜਾਂਚ ਅਧਿਕਾਰੀ ਏਐੱਸਆਈ ਪਰਗਟ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਵਿਰੁੱਧ ਜੇਲ੍ਹ ਨਿਮਯਾਂ ਦੀ ਉਲੰਘਣਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਬਰਾਮਦ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ।