ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹੇ ’ਚ ਲਾਏ ਜਾਣਗੇ 6.50 ਲੱਖ ਬੂਟੇ
ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹੇ ਵਿਚ ਲਗਾਏ ਜਾਣਗੇ 6.50 ਲੱਖ ਪੌਦੇ
Publish Date: Wed, 22 Apr 2026 05:10 PM (IST)
Updated Date: Wed, 22 Apr 2026 05:13 PM (IST)

- ਵਣ ਮੰਡਲ ਅਫ਼ਸਰ ਤੇ ਏਡੀਸੀ ਨੇ ਕੀਤੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਪਾਵਨ ਪੁਰਬ ਨੂੰ ਸਮਰਪਿਤ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ 6.50 ਲੱਖ ਬੂਟੇ ਲਾਏ ਜਾਣਗੇ। ਇਹ ਪ੍ਰਗਟਾਵਾ ਵਣ ਮੰਡਲ ਅਫ਼ਸਰ ਅੰਮ੍ਰਿਤਸਰ ਰਾਜੇਸ਼ ਕੁਮਾਰ ਨੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਦੀ ਮੌਜੂਦਗੀ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਵਿਚ ਸਮੂਹ ਸਰਕਾਰੀ ਵਿਭਾਗਾਂ, ਐੱਨਜੀਓਜ਼, ਪੁਲਿਸ, ਸੈਨਾ, ਅਰਧ ਸੈਨਿਕ ਬਲਾਂ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਸਰਕਾਰੀ ਵਿਭਾਗਾਂ ਨੂੰ ਲੋੜ ਅਨੁਸਾਰ ਨੇੜਲੀਆਂ ਨਰਸਰੀਆਂ ਤੋਂ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ, ਜਦਕਿ ਐੱਨਜੀਓਜ਼ ਨੂੰ ਇਹ ਸਬਸਿਡੀ ਰੇਟਾਂ ’ਤੇ ਬੇਹੱਦ ਘੱਟ ਕੀਮਤ ਤੇ ਦਿੱਤੇ ਜਾਣਗੇ। ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਵਿਚ ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਅਤੇ ਐੱਨਜੀਓਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਮੁਤਾਬਿਕ ਥਾਵਾਂ ਨਿਰਧਾਰਿਤ ਕਰ ਕੇ ਬੂਟੇ ਲਗਾਉਣ ਦੀ ਪੂਰੀ ਤਿਆਰੀ ਰੱਖਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਈ ਅਤੇ ਜੂਨ ਮਹੀਨਿਆਂ ਵਿਚ ਟੋਏ ਪੁੱਟਣ ਦਾ ਕੰਮ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਤੋਂ ਬੂਟੇ ਲਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ ਸਬੰਧੀ ਸਮੂਹ ਵਿਭਾਗਾਂ ਨੂੰ ਵਣ ਵਿਭਾਗ ਦੀਆਂ ਨੇੜਲੀਆਂ ਨਰਸਰੀਆਂ ਤੋਂ ਬੂਟੇ ਮੁਹੱਈਆ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਅਹਿਮ ਕਾਰਜ ਨੂੰ ਪੂਰੀ ਮਿਹਨਤ, ਲਗਨ ਅਤੇ ਸੇਵਾ ਭਾਵਨਾ ਨਾਲ ਨੇਪਰੇ ਚਾੜ੍ਹਿਆ ਜਾਵੇ, ਤਾਂ ਜੋ ਜ਼ਿਲ੍ਹੇ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਐੱਸਡੀਐੱਮ ਤਰਨਤਾਰਨ ਡਾ. ਕਰਨਵੀਰ ਸਿੰਘ, ਐੱਸਡੀਐੱਮ ਖਡੂਰ ਸਾਹਿਬ ਸੰਜੀਵ ਕੁਮਾਰ ਸ਼ਰਮਾ, ਐੱਸਡੀਐੱਮ ਪੱਟੀ ਅਮਨਦੀਪ ਸਿੰਘ, ਐੱਸਡੀਐੱਮ ਭਿੱਖੀਵਿੰਡ ਜਗਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਿਆਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।