ਮਮਤਾ ਨਿਕੇਤਨ ’ਚ ਮਨਾਇਆ ਵਿਸ਼ਵ ਧਰਤੀ ਦਿਵਸ
ਮਮਤਾ ਨਿਕੇਤਨ ’ਚ ਮਨਾਇਆ ‘ਵਿਸ਼ਵ ਧਰਤੀ ਦਿਵਸ’
Publish Date: Wed, 22 Apr 2026 05:02 PM (IST)
Updated Date: Wed, 22 Apr 2026 05:07 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਮਮਤਾ ਨਿਕੇਤਨ ਤਰਨਤਾਰਨ ਵਿਖੇ ਧਰਤੀ ’ਤੇ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਇਸ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਸ਼ਵ ਧਰਤੀ ਦਿਵਸ ਮੌਕੇ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸ਼ਬਦ ਗਾਇਨ ਉਪਰੰਤ ਵਿਦਿਆਰਥੀਆਂ ਨੇ ਧਰਤੀ ਦੇ ਵੱਧ ਰਹੇ ਪ੍ਰਦੂਸ਼ਣ ਅਤੇ ਇਸ ਨੂੰ ਬਚਾਉਣ ਦੇ ਉਪਾਅ ਵਿਸ਼ੇ ’ਤੇ ਸਪੀਚ ਰਾਹੀਂ ਚਾਨਣਾ ਪਾਇਆ ਅਤੇ ਇਸ ਵਿਸ਼ੇ ਨਾਲ ਸਬੰਧਿਤ ਕਵਿਤਾਵਾਂ ਵੀ ਪੇਸ਼ ਕੀਤੀਆਂ। ਵਿਦਿਆਰਥੀਆਂ ਦੁਆਰਾ ਰੁੱਖ ਬਚਾਓ ਸਬੰਧੀ ਇਕ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਅਤੇ ਇਕ ਸਮੂਹ ਗੀਤ ਰੁੱਖ ਬਚਾਓ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਕਲਾਸਾਂ ਵਿਚ ਧਰਤੀ ਨੂੰ ਪ੍ਰਦੂਸ਼ਣ ਰਹਿਤ ਹਰਿਆ-ਭਰਿਆ ਬਣਾਉਣ ਦਾ ਸੰਦੇਸ਼ ਦੇਣ ਸਬੰਧੀ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਨੇ ਫੈਂਸੀ ਡਰੈੱਸ ਮੁਕਾਬਲੇਬਾਜ਼ੀ ਦੌਰਾਨ ਧਰਤੀ, ਫੁੱਲ, ਦਰੱਖ਼ਤ ਆਦਿ ਦੀ ਪੋਸ਼ਾਕ ਪਹਿਣ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ ਅਤੇ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਸਹੁੰ ਚੁੱਕ ਦੀ ਰਸਮ ਅਦਾ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਗੁਰਚਰਨ ਕੌਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਧਰਤੀ ਬਚਾਉਣ ਦੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਦਿੰਦਿਆਂ ਸਕੂਲ ਦੇ ਚੌਗਿਰਦੇ ਵਿਚ ਕਈ ਤਰ੍ਹਾਂ ਦੇ ਬੂਟੇ ਲਾਏ ਗਏ ਅਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਕਿਹਾ ਕਿ ਸਾਨੂੰ ਮਿਲ ਜੁਲ ਕੇ ਧਰਤੀ ਦੀ ਸੁਰੱਖਿਆ ਕਰਨੀ ਹੋਵੇਗੀ, ਤਾਂ ਜੋ ਭਵਿੱਖ ਵਿਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਤੋਂ ਬਚਿਆ ਜਾ ਸਕੇ। ਇਸ ਲਈ ਸਾਨੂੰ ਕੁਦਰਤੀ ਸਾਧਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੀ ਧਰਤੀ ਪ੍ਰਤੀ ਜ਼ਿੰਮੇਵਾਰ ਹਾਂ। ਬੱਚਿਆਂ ਵਿਚ ਇਹ ਜਾਗਰੂਕਤਾ ਲਿਆਉਣਾ ਬਹੁਤ ਹੀ ਜ਼ਰੂਰੀ ਹੈ, ਤਾਂ ਜੋ ਅਸੀਂ ਸੁੰਦਰ ਅਤੇ ਸਾਫ਼-ਸੁਥਰੀ ਧਰਤੀ ਭਵਿੱਖ ਦੀ ਪੀੜ੍ਹੀ ਲਈ ਛੱਡ ਸਕੀਏ।