ਸੇਵਾ ਕੇਂਦਰਾਂ ’ਚ ਹੋ ਰਹੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕਰਾਂਗੇ : ਗੋਹਲਵੜ
ਨਿਰਮਾਣ ਮਜ਼ਦੂਰਾਂ ਦੀ ਸੇਵਾ ਕੇਂਦਰਾਂ ’ਚ ਹੋ ਰਹੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕਰਾਂਗੇ - ਕਾਮਰੇਡ ਗੋਹਲਵੜ
Publish Date: Tue, 21 Apr 2026 08:39 PM (IST)
Updated Date: Wed, 22 Apr 2026 04:13 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਅੱਜ ਵੀ ਦੇਸ਼ ਦੇ ਮਜ਼ਦੂਰ ਦੋ ਵਕਤ ਦੀ ਰੋਟੀ ਵਾਸਤੇ ਤਰਲੋ ਮੱਛੀ ਹੋ ਰਹੇ ਹਨ। ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਨਿਰਮਾਣ ਮਜ਼ਦੂਰ ਦੋ ਮਹੀਨੇ ਤੋਂ ਦਿਹਾੜੀਆਂ ਤੋੜ ਕੇ ਸੇਵਾ ਕੇਂਦਰਾਂ ਵਿਚ ਨਵੀਂ ਰਜਿਸਟਰੇਸ਼ਨ ਜਾਂ ਨਵਿਆਉਣ ’ਤੇ ਸਕੀਮਾਂ ਦੇ ਫਾਰਮ ਆਨਲਾਈਨ ਕਰਾਉਣ ਵਾਸਤੇ ਲੈ ਕੇ ਜਾਂਦੇ ਹਨ, ਤਾਂ ਸੇਵਾ ਕੇਂਦਰਾਂ ਵਿਚ ਬੈਠੇ ਕਰਮਚਾਰੀ ਕਹਿੰਦੇ ਹਨ ਕਿ ਲੇਬਰ ਸਾਈਟ ਬੰਦ ਹੈ। ਜਿਸ ਕਰਕੇ ਨਿਰਮਾਣ ਮਜ਼ਦੂਰ ਖੱਜਲ ਖੁਆਰ ਹੋ ਰਹੇ ਹਨ, ਜਿਨ੍ਹਾਂ ਦੀ ਖੱਜਲ ਖ਼ੁਆਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ। ਇਹ ਪ੍ਰਗਟਾਵਾ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਅੰਗਰੇਜ਼ ਸਿੰਘ ਰਟੌਲ ਆਦਿ ਆਗੂਆਂ ਨੇ ਕੀਤਾ ਹੈ। ਆਗੂਆਂ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੀ ਨਵੀਂ ਰਜਿਸਟ੍ਰੇਸ਼ਨ ਜਾਂ ਰੀਨਿਊ ’ਤੇ ਸਕੀਮਾਂ ਦੇ ਫਾਰਮ ਆਨਲਾਈਨ ਦੇ ਨਾਲ ਆਫ਼ਲਾਈਨ ਵੀ ਲਏ ਜਾਣ ਤਾਂ ਕਿ ਨਿਰਮਾਣ ਮਜ਼ਦੂਰਾਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ। ਜੇਕਰ ਸੇਵਾ ਕੇਂਦਰਾਂ ਵਿਚ ਨਿਰਮਾਣ ਮਜ਼ਦੂਰਾਂ ਦੀ ਖੱਜਲ ਖ਼ੁਆਰੀ ਬੰਦ ਨਾ ਹੋਈ, ਤਾਂ ਨਿਰਮਾਣ ਮਜ਼ਦੂਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।