ਮੋਦੀ ਲਈ ਅੱਤਵਾਦੀ ਸ਼ਬਦ ਵਰਤਣਾ ਮਾਨਸਿਕ ਦੀਵਾਲੀਆਪਨ : ਭਰੋਵਾਲ
ਪ੍ਰਧਾਨ ਮੰਤਰੀ ਮੋਦੀ ਲਈ ਅੱਤਵਾਦੀ ਸ਼ਬਦ ਵਰਤਣਾ ਕਾਂਗਰਸੀਆਂ ਦਾ ਮਾਨਸਿਕ ਦਿਵਾਲੀਆਪਨ - ਭਰੋਵਾਲ
Publish Date: Tue, 21 Apr 2026 08:03 PM (IST)
Updated Date: Wed, 22 Apr 2026 04:13 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਅੱਤਵਾਦੀ’ ਵਰਗੇ ਸ਼ਬਦ ਦੀ ਵਰਤੋਂ ਕਰਨ ਨੂੰ ਨਿੰਦਣਯੋਗ ਕਰਰਾਰ ਦਿੱਤਾ ਹੈ। ਭਰੋਵਾਲ ਨੇ ਇਸ ਨੂੰ ਲੋਕਤੰਤਰੀ ਮਰਿਆਦਾਵਾਂ ’ਤੇ ਸਿੱਧਾ ਹਮਲਾ ਦੱਸਦਿਆਂ ਕਿਹਾ ਕਿ ਇਹ ਬਿਆਨ ਕਾਂਗਰਸ ਦੀ ਡਿੱਗ ਰਹੀ ਸਿਆਸੀ ਸੰਸਕ੍ਰਿਤੀ ਅਤੇ ਸੋਚ ਨੂੰ ਉਜਾਗਰ ਕਰਦਾ ਹੈ। ਭਰੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਉਨ੍ਹਾਂ ਚੁਣਿੰਦਾ ਆਗੂਆਂ ਵਿੱਚੋਂ ਹਨ, ਜਿਨ੍ਹਾਂ ਨੂੰ ਜਨਤਾ ਨੇ ਵਾਰ-ਵਾਰ ਭਾਰੀ ਬਹੁਮਤ ਨਾਲ ਚੁਣ ਕੇ ਲਗਾਤਾਰ ਤੀਜੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੂੰ ਗਰੀਬਾਂ ਦਾ ਮਸੀਹਾ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆ ਕੇ ਇਹ ਸਾਬਤ ਕੀਤਾ ਹੈ ਕਿ ਸਹੀ ਨੀਅਤ ਨਾਲ ਗਰੀਬੀ ਦੂਰ ਕੀਤੀ ਜਾ ਸਕਦੀ ਹੈ। ਭਰੋਵਾਲ ਨੇ ਕਿਹਾ ਕਿ ਕਾਂਗਰਸ ਦੀ ਬੌਖਲਾਹਟ ਆਈ ਹੈ, ਜੋ ਇਕ ਅਜਿਹੇ ਜਨ-ਨੇਤਾ ਲਈ ‘ਅੱਤਵਾਦੀ’ ਸ਼ਬਦ ਵਰਤਣਾ ਕਾਂਗਰਸ ਲੀਡਰਸ਼ਿਪ ਦੇ ਮਾਨਸਿਕ ਦੀਵਾਲੀਆਪਨ, ਹਤਾਸ਼ਾ ਅਤੇ ਨਿਰਾਸ਼ਾ ਨੂੰ ਦਰਸਾਉਂਦਾ ਹੈ। ਭਰੋਵਾਲ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਭੁੱਲ ਕੇ ਮੁੱਦਿਆਂ ’ਤੇ ਬਹਿਸ ਕਰਨ ਦੀ ਬਜਾਏ ਨਿੱਜੀ ਹਮਲਿਆਂ ਅਤੇ ਜ਼ਹਿਰੀਲੀ ਭਾਸ਼ਾ ਦਾ ਸਹਾਰਾ ਲੈ ਰਹੇ ਹਨ। ਭਰੋਵਾਲ ਨੇ ਕਿਹਾ ਕਿ ਵਾਰ-ਵਾਰ ਜਨਤਾ ਵੱਲੋਂ ਨਕਾਰੇ ਜਾਣ ਕਾਰਨ ਕਾਂਗਰਸ ਦੀ ਬੌਖਲਾਹਟ ਅਤੇ ਸੱਤਾ ਤੋਂ ਦੂਰ ਰਹਿਣ ਦੀ ਬੇਚੈਨੀ ਹੁਣ ਇਸ ਤਰ੍ਹਾਂ ਦੇ ਇਤਰਾਜ਼ਯੋਗ ਬਿਆਨਾਂ ਰਾਹੀਂ ਬਾਹਰ ਆ ਰਹੀ ਹੈ। ਭਰੋਵਾਲ ਨੇ ਕਿਹਾ ਕਿ ਦੇਸ਼ ਦੀ ਜਨਤਾ ਇਸ ਅਪਮਾਨ ਅਤੇ ਹੰਕਾਰ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਲੋਕਤੰਤਰੀ ਤਰੀਕੇ ਨਾਲ ਦੇਸ਼ ਦੇ ਲੋਕ ਕਾਂਗਰਸ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਨੂੰ ਅਜਿਹੇ ਬਿਆਨਾਂ ਲਈ ਕਰਾਰਾ ਜਵਾਬ ਦੇਣਗੇ।