ਸ੍ਰੀ ਦਰਬਾਰ ਸਾਹਿਬ ’ਚ ਮਨਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
ਸ੍ਰੀ ਦਰਬਾਰ ਸਾਹਿਬ ’ਚ ਮਨਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ
Publish Date: Sun, 19 Apr 2026 06:35 PM (IST)
Updated Date: Mon, 20 Apr 2026 04:07 AM (IST)

ਦੀਵਾਨ ਹਾਲ ਵਿਚ ਸਜੇ ਗੁਰਮਤਿ ਸਮਾਗਮ ’ਚ ਦੇਰ ਰਾਤ ਤਕ ਜੁੜੀ ਰਹੀ ਸੰਗਤ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪੰਜ ਪਿਆਰੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਹਰਜਿੰਦਰ ਸਿੰਘ ਪੱਟੀ ਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਦੇ ਦੀਵਾਨ ਹਾਲ ਵਿਚ ਮਹਾਨ ਗੁਰਮਤਿ ਸਮਾਗਮ ਸਜਾਇਆ ਗਿਆ। ਜਿਸ ਵਿਚ ਦੁਪਹਿਰ 1 ਵਜੇ ਤੋਂ ਰਾਤ 12 ਵਜੇ ਤਕ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਥੇ ਹੀ ਉੱਚ ਕੋਟੀ ਦੇ ਕੀਰਤਨੀ ਜਥਿਆਂ, ਢਾਡੀ ਤੇ ਕਥਾ ਵਾਚਕਾਂ ਨੇ ਸੰਗਤ ਨੂੰ ਹਰ ਜਸ ਸਰਵਣ ਕਰਵਾਇਆ। ਸਭ ਤੋਂ ਪਹਿਲਾਂ ਸਵੇਰੇ ਵੱਡੀ ਗਿਣਤੀ ਸੰਗਤ ਨੇ ਸੁਨਹਿਰੀ ਪਾਲਕੀ ਵਿਚ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਪ ’ਚ ਪਵਿੱਤਰ ਸਰੋਵਰ ਦੀ ਪ੍ਰਕਰਮਾਂ ਕੀਤੀ। ਉਪਰੰਤ ਦੁਪਹਿਰ 1 ਵਜੇ ਦੀਵਾਨ ਹਾਲ ਵਿਚ ਆਰੰਭ ਹੋਏ ਗੁਰਮਤਿ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਸ੍ਰੀ ਹੇਮਕੁੰਟ ਸਾਹਿਬ ਤਰਨਤਾਰਨ, ਭਾਈ ਰਣਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਹੀਰਾ ਸਿੰਘ ਕਥਾ ਵਾਚਕ ਤਰਨਤਾਰਨ ਵਾਲੇ, ਭਾਈ ਵਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਰਜਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਸਤਪਾਲ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਭਾਈ ਜਸਵੰਤ ਸਿੰਘ ਕਥਾ ਵਾਚਕ ਅੰਮ੍ਰਿਤਸਰ ਵਾਲੇ, ਭਾਈ ਉੰਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕੇਵਲ ਸਿੰਘ ਮਹਿਲਾ ਕਵੀਸ਼ਰੀ ਜਥਾ ਅਤੇ ਭਾਈ ਕਰਨਬੀਰ ਸਿੰਘ, ਭਾਈ ਇਕਬਾਲ ਸਿੰਘ ਤੇ ਭਾਈ ਪ੍ਰਗਟ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰ ਰਾਂਹੀ ਨਿਹਾਲ ਕੀਤਾ। ਸਮਾਗਮ ਦੀ ਸਮਾਪਤੀ ਸਮੇਂ ਜਿਥੇ ਗੁਰੂ ਸਾਹਿਬ ਉਪਰ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ। ਉਥੇ ਹੀ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੰਗਤ ’ਚ ਮਠਿਆਇਆਂ ਦੇ ਪ੍ਰਸ਼ਾਦ ਵੀ ਵਰਤਾਏ ਗਏ। ਸਮਾਗਮ ਦੇ ਆਯੋਜਕਾਂ ਨੇ ਪਹੁੰਚੇ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕਰਦਿਆਂ ਸਮਾਗਮ ਵਿਚ ਪਰਿਵਾਰਾਂ ਸਣੇ ਜੁੜੀ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰੂ ਘਰ ਉੱਪਰ ਰੌਸ਼ਨੀਆਂ ਨਾਲ ਅਲੋਕਿਕ ਸਜਾਵਟ ਵੀ ਕੀਤੀ ਗਈ।