ਹਰੀਕੇ ਦੇ ਮੰਡ ਖੇਤਰ ’ਚੋਂ ਲਾਹਣ ਤੇਸ਼ਰਾਬ ਦਾ ਜ਼ਖ਼ੀਰਾ ਬਰਾਮਦ
ਹਰੀਕੇ ਦੇ ਮੰਡ ਖੇਤਰ ’ਚੋਂ ਬਰਾਮਦ ਹੋਇਆ ਲਾਹਣ ਅਤੇ ਨਜਾਇਜ਼ ਸ਼ਰਾਬ ਦਾ ਜਖ਼ੀਰਾ
Publish Date: Fri, 17 Apr 2026 09:31 PM (IST)
Updated Date: Sat, 18 Apr 2026 04:16 AM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ
ਤਰਨਤਾਰਨ ਜ਼ਿਲ੍ਹੇ ਦੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸ਼ੁਕਰਵਾਰ ਨੂੰ ਹਰੀਕੇ ਦਰਿਆ ਦੇ ਮੰਡ ਖੇਤਰ ’ਚ ਜੰਗਲਾਤ ਵਿਭਾਗ ਨਾਲ ਮਿਲ ਕੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ। ਕਈ ਘੰਟੇ ਚੱਲੇ ਇਸ ਅਭਿਆਨ ਦੌਰਾਨ ਟੀਮਾਂ ਨੇ ਲਾਹਣ ਅਤੇ ਨਜਾਇਜ਼ ਸ਼ਰਾਬ ਦਾ ਇਕ ਤਰ੍ਹਾਂ ਨਾਲ ਜਖ਼ੀਰਾ ਬਰਾਮਦ ਕੀਤਾ। ਹਾਲਾਂਕਿ ਇਸ ਦੌਰਾਨ ਕੋਈ ਵਿਅਕਤੀ ਮੌਕੇ ’ਤੇ ਕਾਬੂ ਨਹੀਂ ਕੀਤਾ ਜਾ ਸਕਿਆ। ਜਿਸਦੇ ਚੱਲਦਿਆਂ ਲਾਵਾਰਿਸ ਹਾਲਤ ਵਿਚ ਮਿਲੀ ਉਕਤ ਲਾਹਣ ਤੇ ਸ਼ਰਾਬ ਮੌਕੇ ਉੱਪਰ ਹੀ ਨਸ਼ਟ ਕਰ ਕਰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਹੱਥ ਸੂਚਨਾ ਲੱਗੀ ਸੀ ਕਿ ਹਰੀਕੇ ਦਰਿਆ ਦੇ ਨਾਲ ਮੰਡ ਇਲਾਕੇ ਵਿਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਦੇ ਤਸਕਰ ਸ਼ਰਾਬ ਤਿਆਰ ਕਰ ਰਹੇ ਹਨ, ਜਿਸ ਨੂੰ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤੀ ਜਾਂਦਾ ਹੈ। ਉਕਤ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾਂ ਅਤੇ ਤਰਨਤਾਰਨ ਦੇ ਈਟੀਓ ਇੰਦਰਜੀਤ ਸਿੰਘ ਸਹਿਜ਼ਰਾ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਐਕਸਾਈਜ਼ ਇੰਸਪੈਕਟਰ ਹਿਤੇਸ਼ ਪ੍ਰਭਾਕਰ ਅਤੇ ਕਰਨ ਸ਼ਰਮਾ ਨੇ ਐਕਸਾਈਜ਼ ਸਟਾਫ ਦੇ ਕਰਮਚਾਰੀਆਂ ਨਾਲ ਟੀਮ ਤਿਆਰ ਕੀਤੀ ਅਤੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਕਵਲਜੀਤ ਸਿੰਘ ਨਾਲ ਰਾਬਤਾ ਕਰਕੇ ਸਾਂਝੇ ਤੌਰ ’ਤੇ ਮੰਡ ਇਲਾਕੇ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਦਸ ਦੇ ਕਰੀਬ ਵੱਡੇ ਤੇ ਕੁਝ ਛੋਟੇ ਡਰੰਮਾਂ ਤੋਂ ਇਲਾਵਾ ਕਈ ਤਰਪਾਲਾਂ ਬਰਾਮਦ ਹੋਇਆਂ ਜਿਨ੍ਹਾਂ ਵਿਚ ਲਾਹਣ ਪਾਈ ਹੋਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਿਤੇਸ਼ ਕੁਮਾਰ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ 1 ਲੱਖ 14 ਹਜ਼ਾਰ ਲੀਟਰ ਜੋ ਉਕਤ ਡਰੰਮਾਂ ਤੇ ਤਰਪਾਲਾਂ ਵਿਚ ਪਾਈ ਹੋਈ ਸੀ, ਮਿਲੀ ਹੈ। ਜਦੋਂਕਿ 1 ਲੱਖ 95 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਵੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਕੋਈ ਵਿਅਕਤੀ ਟੀਮ ਦੇ ਹੱਥ ਨਹੀਂ ਲੱਗਾ। ਜਿਸਦੇ ਚੱਲਦਿਆਂ ਲਾਵਾਰਿਸ ਹਾਲਤ ਵਿਚ ਮਿਲੀ ਉਕਤ ਲਾਹਣ ਅਤੇ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਡ ਖੇਤਰ ਵਿਚ ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਅੱਗੇ ਵੀ ਮੁਹਿੰਮ ਜ਼ਾਰੀ ਰਹੇਗੀ।