ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ’ਚ ਇਕ ਵਿਅਕਤੀ ਨੇ ਮਾਰੀ ਛਾਲ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸਰੋਵਰ ’ਚ ਇਕ ਵਿਅਕਤੀ ਨੇ ਮਾਰੀ ਛਾਲ
Publish Date: Fri, 17 Apr 2026 07:43 PM (IST)
Updated Date: Sat, 18 Apr 2026 04:12 AM (IST)

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਪਵਿੱਤਰ ਸਰੋਵਰ ਵਿਚ ਸ਼ੁੱਕਰਵਾਰ ਦੀ ਦੁਪਹਿਰੇ ਇਕ ਵਿਅਕਤੀ ਵਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰੋਵਰ ਦੇ ਕੋਲ ਹੀ ਦੀਵਾਨ ਹਾਲ ਵਿਚੋਂ ਉਕਤ ਵਿਅਕਤੀ ਬਾਹਰ ਨਿਕਲਿਆ ਅਤੇ ਵੇਖਦੇ ਹੀ ਵੇਖਦੇ ਉਸਨੇ ਸਰੋਵਾਰ ਵਿਚ ਲੱਗੀ ਗਰਿੱਲ ਦੇ ਅੱਗੇ ਛਾਲ ਮਾਰ ਦਿੱਤੀ ਅਤੇ ਡੂੰਘੇ ਪਾਣੀ ਵਿਚ ਡੁੱਬ ਗਿਆ। ਉਕਤ ਘਟਨਾ ਦਾ ਪਤਾ ਚੱਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਤੇ ਉਥੇ ਤਾਇਨਾਤ ਸੇਵਾਦਾਰ ਮੌਕੇ ਉੱਪਰ ਪਹੁੰਚ ਗਏ। ਦੇਰ ਸ਼ਾਮ ਤਕ ਗੋਤਾਖੋਰਾਂ ਵਲੋਂ ਡੁੱਬੇ ਵਿਅਕਤੀ ਦੀ ਭਾਲ ਕੀਤੀ ਗਈ ਪਰ ਹਨੇਰਾ ਹੋਣ ਕਰਕੇ ਭਾਲ ਦਾ ਕਾਰਜ ਰੋਕ ਦਿੱਤਾ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਸ਼ੁੱਕਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ ਅਤੇ ਦੀਵਾਨ ਹਾਲ ਵਿਚ ਦੋ ਦਿਨਾਂ ਦੀਵਾਨ ਵੀ ਸਜੇ ਹੋਏ ਸਨ। ਦੁਪਹਿਰ ਕਰੀਬ ਢਾਈ ਵਜੇ ਦੀਵਾਨ ਹਾਲ ਵਿੱਚੋਂ ਇਕ ਵਿਅਕਤੀ ਅਚਾਨਕ ਸਰੋਵਰ ਵੱਲ ਵਧਿਆ ਤੇ ਕੱਪੜਿਆਂ ਸਮੇਤ ਹੀ ਉਸ ਨੇ ਸਰੋਵਰ ਵਿਚ ਛਾਲ ਮਾਰ ਦਿੱਤੀ। ਹਾਲਾਂਕਿ ਉਸ ਵੇਲੇ ਆਸ-ਪਾਸ ਕਈ ਸ਼ਰਧਾਲੂ ਇਸ਼ਨਾਨ ਕਰ ਰਹੇ ਸੀ ਅਤੇ ਉਕਤ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਸਰੋਵਰ ਵਿਚ ਲੱਗੀ ਗਰਿੱਲ ਤੋਂ ਅੱਗੇ ਡੂੰਘੇ ਸਥਾਨ ’ਤੇ ਜਾਣ ਕਰਕੇ ਛਾਲ ਮਾਰਨ ਵਾਲਾ ਵਿਅਕਤੀ ਡੁੱਬ ਗਿਆ। ਸ੍ਰੀ ਦਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਜਿਵੇਂ ਹੀ ਵਿਅਕਤੀ ਵਲੋਂ ਛਾਲ ਮਾਰੇ ਜਾਣ ਦਾ ਪਤਾ ਲੱਗਾ ਤਾਂ ਸੇਵਾਦਾਰ ਵੀ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਹਰੀਕੇ ਤੋਂ ਲਿਆਂਦੇ ਗਏ ਗੋਤਾਖੋਰਾਂ ਵਲੋਂ ਸਰੋਵਰ ਵਿਚ ਡੁੱਬੇ ਵਿਅਕਤੀ ਦੀ ਕਈ ਘੰਟੇ ਭਾਲ ਕੀਤੀ ਗਈ ਪਰ ਉਸਦਾ ਕੁਝ ਪਤਾ ਨਹੀਂ ਲੱਗਾ। ਮੈਨੇਜਰ ਨੇ ਦੱਸਿਆ ਕਿ ਹਨੇਰਾ ਹੋਣ ਕਰਕੇ ਭਾਲ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਸਵੇਰੇ ਮੁੜ ਤੋਂ ਗੋਤਾਖੋਰਾਂ ਨੂੰ ਸਰੋਵਰ ਵਿਚ ਉਤਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਛਾਲ ਮਾਰਨ ਵਾਲੇ ਵਲੋਂ ਕੱਪੜੇ ਜਾਂ ਕੋਈ ਪਛਾਣ ਬਾਹਰ ਨਹੀਂ ਛੱਡੀ ਗਈ, ਜਿਸ ਕਰਕੇ ਉਸਦੀ ਪਛਾਣ ਵੀ ਅਜੇ ਨਹੀਂ ਹੋ ਸਕੀ।