ਭਗਵੰਤ ਮਾਨ ਨੇ ਲਏ ਸੰਕਲਪਾਂ ਨੂੰ ਕੀਤਾ ਪੂਰਾ : ਔਲਖ
ਜਿਨ੍ਹਾਂ ਦੇ ਆਪਣੇ ਘਰ ਸਲਾਮਤ ਨਹੀਂ ਹੁੰਦੇ, ਉਹ ਦੂਜਿਆਂ ’ਤੇ ਚਿੱਕੜ ਸੁੱਟਣਾ ਹੀ ਜਾਣਦੇ ਹਨ - ਔਲਖ
Publish Date: Fri, 17 Apr 2026 06:54 PM (IST)
Updated Date: Sat, 18 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਕਹਿੰਦੇ ਹਨ ਕਿ ਜੇਕਰ ਕਿਸੇ ਬੰਦੇ ਦੀ ਸੋਚ ਸਹੀ ਹੋਵੇ, ਦ੍ਰਿੜ ਸੰਕਲਪ ਹੋਵੇ ਅਤੇ ਇਰਾਦਾ ਮਜ਼ਬੂਤ ਹੋਵੇ ਤਾਂ ਉਸਨੂੰ ਅੱਗੇ ਵਧਣੋਂ ਕੋਈ ਨਹੀਂ ਰੋਕ ਸਕਦਾ। ਉਸਦੇ ਰਸਤੇ ਵਿਚਲੀਆਂ ਸਾਰੀਆਂ ਰੁਕਾਵਟਾਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ ਅਤੇ ਉਹ ਹਰ ਮੈਦਾਨ ਫ਼ਤਿਹ ਕਰਦਾ ਹੋਇਆ ਅੱਗੇ ਵਧਿਆ ਜਾਂਦਾ ਹੈ। ਅਜਿਹੇ ਇਨਸਾਨ ਦਾ ਨਾਂ ਭਗਵੰਤ ਮਾਨ ਹੈ, ਜਿਸ ਨੇ 2022 ਵਿਚ ਪੰਜਾਬ ਦੀ ਸੱਤਾ ਸੰਭਾਲਦਿਆਂ ਪੰਜਾਬੀਆਂ ਦੇ ਸਾਰੇ ਦੁੱਖ ਦੂਰ ਕਰਨ ਦਾ ਜਿਹੜਾ ਸੰਕਲਪ ਲਿਆ ਸੀ, ਉਸ ਨੂੰ ਪਿਛਲੇ ਚਾਰ ਸਾਲਾਂ ਵਿਚ ਪੂਰਾ ਕਰ ਵਿਖਾਇਆ ਹੈ। ਭਾਵੇਂ ਕਿ ਉਸਦੇ ਰਸਤੇ ਵਿਚ ਰਵਾਇਤੀ ਪਾਰਟੀਆਂ ਦੇ ਕਿਨ੍ਹੇਂ ਹੀ ਆਗੂਆਂ ਨੇ ਪੈਰ-ਪੈਰ ’ਤੇ ਉਸਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੇ ਕਿਹਾ, ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਅਹੁਦਾ ਸੰਭਾਲਿਆ ਸੀ ਤਾਂ ਕਿਸੇ ਸਿਰ ਫਿਰੇ ਨੇ ਉਨ੍ਹਾਂ ਨੂੰ ਨਾਤਜਰਬੇਕਾਰ, ਕਿਸੇ ਨੇ ਰਾਜਨੀਤਿਕ ਤੌਰ ’ਤੇ ਅਣਜਾਣ ਵਿਅਕਤੀ ਕਿਹਾ ਸੀ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਾਰੇ ਵਿਰੋਧੀਆਂ ਦੀ ਜੁਬਾਨ ਉਪਰ ਤਾਲੇ ਲੱਗ ਗਏ। ਔਲਖ ਨੇ ਕਿਹਾ ਕਿ ਸਮਾਂ ਆਪਣੀ ਚਾਲ ਚੱਲਦਾ ਰਿਹਾ ਸਾਰੇ ਹੀ ਵਿਰੋਧੀ ਆਗੂਆਂ ਦਾ ਘਰਾਂ ਵਿੱਚੋਂ ਨਿਕਲਣਾ ਔਖਾ ਹੋ ਗਿਆ। ਜਦਕਿ ਮੁੱਖ ਮੰਤਰੀ ਤੇ ਬਾਕੀ ਵੀ ਸਾਰੀ ਦੀ ਸਾਰੀ ਕੈਬਨਿਟ ਹਰ ਰੋਜ਼ ਕਿਤੇ ਨਾ ਕਿਤੇ ਵਿਕਾਸ ਕਾਰਜਾਂ ਦਾ ਉਦਘਾਟਨ, ਕਿਤੇ ਨੀਂਹ ਪੱਥਰ ਤੇ ਕਿਸੇ ਨਾ ਕਿਸੇ ਰਾਜਸੀ ਇਕੱਠ ਵਿਚ ਹਾਜ਼ਰੀ ਲਵਾਉਂਦੀ ਅਤੇ ਪੰਜਾਬੀਆਂ ਵੱਲੋਂ ਕੀਤੇ ਜਾਂਦੇ ਮਾਣ ਸਨਮਾਨ ਦੀ ਹੱਕਦਾਰ ਬਣਦੀ। ਔਲਖ ਨੇ ਕਿਹਾ ਕਿ ਅੱਜ ਜਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਇਕ ਸਾਲ ਤੋਂ ਘੱਟ ਸਮਾਂ ਰਹਿ ਗਿਆ ਹੈ ਤਾਂ ਮੁੜ ਸੱਤਾ ’ਤੇ ਕਾਬਜ਼ ਹੋਣ ਲਈ ਜਿਥੇ ਰਵਾਇਤੀ ਪਾਰਟੀਆਂ ਦੇ ਆਗੂ ਤਰਲੋ ਮੱਛੀ ਹੋ ਰਹੇ ਹਨ। ਉੱਤੋਂ ਇਨ੍ਹਾਂ ਪਾਰਟੀਆਂ ਦੇ ਆਗੂ ਆਪਸ ਵਿਚ ਉਲਝੇ ਜਾਪ ਰਹੇ ਹਨ ਅਤੇ ਹਰੇਕ ਆਗੂ ਮੁੱਖ ਮੰਤਰੀ ਬਣਨ ਲਈ ਦੂਜੇ ਨੂੰ ਨੀਵਾਂ ਵਿਖਾ ਰਿਹਾ ਹੈ। ਉਥੇ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਵੀ ਮਜ਼ਬੂਤ ਬਣ ਕੇ ਉੱਬਰ ਰਹੀ ਹੈ ਅਤੇ ਪੰਜਾਬ ਵਿਚ ਆਪਣੀ ਦੂਜੀ ਵਾਰ ਸਰਕਾਰ ਬਣਾਉਣ ਲਈ ਪੰਜਾਬੀਆਂ ਵਿਚ ਵਿਚਰ ਰਹੀ ਹੈ।