ਸ਼ੇਰ ਸ਼ਾਹ ਸੂਰੀ ਮਾਰਗ ’ਤੇ ਕਸਬਾ ਫਤਿਆਬਾਦ ਦਾ ਮੋੜ ਬਣਿਆ ਨਰਕ ਦਾ ਘਰ
ਸ਼ੇਰ ਸ਼ਾਹ ਸੂਰੀ ਮਾਰਗ ’ਤੇ ਕਸਬਾ ਫਤਿਆਬਾਦ ਦਾ ਮੋੜ ਬਣਿਆ ਨਰਕ ਦਾ ਘਰ
Publish Date: Sat, 13 Dec 2025 08:10 PM (IST)
Updated Date: Sat, 13 Dec 2025 08:12 PM (IST)

-ਸਰਕਾਰੀ ਇਮਾਰਤ ਨਾਲ ਜਮ੍ਹਾਂ ਗੰਦਾ ਪਾਣੀ ਬਣ ਰਿਹੈ ਲੋਕਾਂ ਲਈ ਵੱਡੀ ਮੁਸੀਬਤ ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਤਰਨਤਾਰਨ ਜ਼ਿਲ੍ਹੇ ’ਚੋਂ ਲੰਘਦੇ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ, ਜਿਸ ਨੂੰ ਅਟਾਰੀ-ਕਪੂਰਥਲਾ ਮਾਰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ’ਤੇ ਵਸੇ ਇਤਿਹਾਸਕ ਕਸਬੇ ਫਤਿਆਬਾਦ ਦੇ ਇਕ ਮੋੜ ਨੇ ਨਰਕ ਦਾ ਰੂਪ ਧਾਰਿਆ ਹੋਇਆ ਹੈ। ਇਹ ਮੁਸੀਬਤ ਕੋਈ ਨਵੀਂ ਨਹੀਂ ਬਲਿਕ ਕਈ ਚਿਰਾਂ ਤੋਂ ਹੈ। ਸਰਕਾਰੀ ਇਮਾਰਤ ਦੇ ਨਾਲ ਖੜਾ ਗੰਦਾ ਪਾਣੀ ਇਥੋਂ ਲੰਘਣ ਵਾਲੇ ਲੋਕਾਂ ਨੂੰ ਵੱਡੀ ਮੁਸੀਬਤ ਵਿਚ ਪਾ ਦਿੰਦਾ ਹੈ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਤਾਂ ਬ਼ੜੀ ਮੁਸ਼ਕਲ ਨਾਲ ਇਥੋਂ ਲੰਘਣਾ ਪੈਂਦਾ ਹੈ। ਤਰਨਤਾਰਨ ਤੋਂ ਸ੍ਰੀ ਗੋਇੰਦਵਾਲ ਸਾਹਿਬ ਅਤੇ ਅੱਗੇ ਸੁਲਤਾਨਪੁਰ ਲੋਧੀ ਵਰਗੇ ਇਤਿਹਾਸਕ ਨਗਰਾਂ ਨੂੰ ਜੋੜਨ ਵਾਲੀ ਕਪੂਰਥਲਾ-ਅਟਾਰੀ ਵਾਲੀ ਸੜਕ ’ਤੇ ਪ੍ਰਸਿੱਧ ਕਸਬਾ ਫਤਿਆਬਾਦ ਵਸਿਆ ਹੋਇਆ ਹੈ। ਇਹ ਕਸਬਾ ਕਦੇ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਜਿਥੇ ਅੱਜ ਵੀ ਪੁਰਾਤਨ ਇਮਾਰਤਾਂ ਦੇ ਅਵਸ਼ੇਸ਼ ਦਿਖਾਈ ਦਿੰਦੇ ਹਨ। ਉਕਤ ਮਾਰਗ ਦਾ ਉੱਚ ਪੱਧਰੀ ਨਿਰਮਾਣ ਕਰੀਬ ਡੇਢ ਦਹਾਕੇ ਪਹਿਲਾਂ ਕੀਤਾ ਗਿਆ ਸੀ ਅਤੇ ਕਸਬਾ ਫਤਿਆਬਾਦ ਦੇ ਅੰਦਰੂਨੀ ਖੇਤਰ ਵਿਚ ਇਹ ਸੜਕ ਕੰਕਰੀਟ ਨਾਲ ਤਿਆਰ ਕੀਤੀ ਗਈ ਪਰ ਕਸਬੇ ਦੇ ਸਰਕਾਰੀ ਹਸਪਤਾਲ ਕੋਲ ਇਕ ਅਜਿਹਾ ਮੋੜ ਹੈ, ਜਿੱਥੇ ਗੰਦਾ ਪਾਣੀ ਹਮੇਸ਼ਾ ਜਮ੍ਹਾ ਰਹਿੰਦਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਵਾਰ ਇਹ ਪਾਣੀ ਅੱਧੀ ਸੜਕ ਤੋਂ ਵੱਧ ਇਲਾਕੇ ਨੂੰ ਲਪੇਟ ਵਿਚ ਲੈ ਲੈਂਦਾ ਹੈ ਤੇ ਇਸ ਪਾਣੀ ਤੋਂ ਬਚ ਕੇ ਲੰਘਣ ਦੇ ਚੱਕਰ ਵਿਚ ਲੋਕ ਸੁੱਕੀ ਜਗ੍ਹਾ ਵੱਲ ਆਪਣੀ ਜਾਨ ਜੋਖਮ ਵਿਚ ਪਾ ਕੇ ਲੰਘਦੇ ਹਨ। ਕਈ ਵਾਰ ਵੱਡੇ ਵਾਹਨਾਂ ਨਾਲ ਇਥੋਂ ਉੱਡਣ ਵਾਲੀਆਂ ਗੰਦੇ ਪਾਣੀ ਦੀਆਂ ਛਿੱਟਾਂ ਕਰਕੇ ਲੋਕਾਂ ਦੇ ਕੱਪੜੇ ਤੱਕ ਖਰਾਬ ਹੋ ਜਾਂਦੇ ਹਨ। ਇਹ ਵੀ ਨਹੀਂ ਕਿ ਇਥੋਂ ਕਦੇ ਪਾਣੀ ਸਾਫ ਨਾ ਕਰਵਾਇਆ ਗਿਆ ਹੋਵੇ। ਪਿੰਡ ਵਾਸੀਆਂ ਦੀ ਮੰਨੀਏ ਤਾਂ ਕਈ ਵਾਰ ਇਥੇ ਸਾਫ ਸਫਾਈ ਦਾ ਕਾਰਜ ਹੋਇਆ, ਪਰ ਸੜਕ ਦਾ ਇਹ ਮੋੜ ਪੱਕੇ ਛੱਪੜ ਦਾ ਰੂਪ ਧਾਰਨ ਕਰੀ ਬੈਠਾ ਹੈ। ਜਿਸ ਕਾਰਨ ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹੇ ਤੋਂ ਇਲਾਵਾ ਮਾਲਵਾ ਖੇਤਰ ਆਦਿ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਗੰਦੇ ਪਾਣੀ ਦੇ ਛੱਪੜ ਕੋਲੋਂ ਲੰਘਣਾ ਪੈਂਦਾ ਹੈ। ਰਾਹਗੀਰਾਂ ਹਰਵਿੰਦਰ ਸਿੰਘ, ਗੁਰਿੰਦਰ ਸਿੰਘ, ਰਵੀ ਕੁਮਾਰ, ਪ੍ਰਭਜੋਤ ਸਿੰਘ, ਰਾਜਵਿੰਦਰ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਇਸ ਸੜਕ ਤੋਂ ਲੰਘਣ ਦਾ ਮੌਕਾ ਮਿਲਿਆ ਅਤੇ ਹਰ ਵਾਰ ਇਥੇ ਇਹ ਗੰਦਾ ਪਾਣੀ ਜਮ੍ਹਾਂ ਹੀ ਦਿਖਾਈ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਪਾਣੀ ਦੇ ਕਰਕੇ ਲਗ ਭਗ ਸੜਕ ਦਾ ਅੱਦਾ ਹਿੱਸਾ ਬੇਕਾਰ ਪਿਆ ਹੈ ਅਤੇ ਲੋਕ ਸੁੱਕੀ ਜਗ੍ਹਾ ਤੋਂ ਲੰਘਣ ਨੂੰ ਤਰਜੀਹ ਦਿੰਦੇ ਹਨ। ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਸ਼ੇਖ ਚੱਕ ਅੱਡੇ ਕੋਲ ਵਾਲੀ ਸੜਕ ਨੂੰ ਦਰੁਸਤ ਕਰਕੇ ਉਥੋਂ ਗੰਦੇ ਪਾਣੀ ਦੇ ਛੱਪੜ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਜਗ੍ਹਾ ਦੀ ਸਮੱਸਿਆ ਦਾ ਵੀ ਹੱਲ ਕੱਢਿਆ ਜਾਵੇ।