ਬਿਮਾਰੀਆਂ ਨੂੰ ਸੱਦਾ ਦੇ ਰਿਹੈ ਕਸੂਰ ਨਾਲਾ, ਗੰਦੇ ਪਾਣੀ ਤੋਂ ਉੱਠਦੀ ਬਦਬੂ ਤੋਂ ਲੋਕ ਤੰਗ
ਬਿਮਾਰੀਆਂ ਸੱਦਾ ਦੇ ਰਿਹਾ ਹੈ ਕਸੂਰ ਨਾਲਾ, ਗੰਦੇ ਪਾਣੀ ਤੋਂ ਉੱਠਦੀ ਬਦਬੂ ਤੋਂ ਲੋਕ ਤੰਗ
Publish Date: Sat, 13 Dec 2025 08:06 PM (IST)
Updated Date: Sat, 13 Dec 2025 08:09 PM (IST)

ਤਰਨਤਾਰਨ ਇਲਾਕੇ ’ਚ ਕਈ ਵਾਰ ਹੜ੍ਹਾਂ ਦਾ ਕਾਰਨ ਬਣ ਚੁੱਕੈ ਇਹ ਬਰਸਾਤੀ ਨਾਲਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਸ਼ਹਿਰ ਦਾ ਕਸੂਰ ਨਾਲਾ ਜਿਸ ਨੂੰ ਰੋਹੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲੰਮੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਦੀ ਕਈ ਚਿਰਾਂ ਤੋਂ ਸਾਫ਼ ਸਫਾਈ ਨਾ ਹੋਣ ਕਾਰਨ ਕਿਨਾਰਿਆਂ ’ਤੇ ਰਹਿਣ ਵਾਲੇ ਲੋਕਾਂ ਨੂੰ ਜਿਥੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਸ ਵਿਚ ਪਈ ਗੰਦਗੀ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਸਕਦੇ ਹਨ। ਇੰਨਾ ਹੀ ਨਹੀਂ ਸਫਾਈ ਨਾ ਹੋਣ ਕਰਕੇ ਇਹ ਨਾਲਾ ਕਈ ਵਾਰ ਤਰਨਤਾਰਨ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਹੜ੍ਹਾਂ ਦਾ ਕਾਰਨ ਵੀ ਬਣ ਚੁੱਕਾ ਹੈ। ਦੱਸ ਦੇਈਏ ਕਿ ਇਹ ਕਸੂਰ ਨਾਲਾ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਬਟਾਲਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚੋਂ ਹੁੰਦਾ ਹੋਇਆ ਤਰਨਤਾਰਨ ਜ਼ਿਲ੍ਹੇ ’ਚੋਂ ਲੰਘ ਕੇ ਪਾਕਿਸਤਾਨ ਦੇ ਸ਼ਹਿਰ ਕਸੂਰ ਵੱਲ ਜਾਂਦਾ ਹੈ, ਜਿਸਦੇ ਚੱਲਦਿਆਂ ਇਸ ਨੂੰ ਕਸੂਰ ਨਾਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜਦੋਂ ਪੰਜਾਬ ਵਿਚ ਭਾਰੀ ਬਾਰਿਸ਼ ਹੁੰਦੀ ਹੈ ਅਤੇ ਦਰਿਆ ਆਪੇ ਤੋਂ ਬਾਹਰ ਹੋ ਜਾਂਦੇ ਹਨ ਤਾਂ ਇਹ ਬਰਸਾਤੀ ਨਾਲਾ ਵੀ ਉਫਾਨ ’ਤੇ ਪਹੁੰਚ ਜਾਂਦਾ ਹੈ ਅਤੇ ਸਫਾਈ ਦੀ ਘਾਟ ਪਾਣੀ ਦੇ ਰਸਤੇ ਵਿਚ ਰੁਕਾਵਟ ਬਣਨ ਕਾਰਨ ਇਸੇ ਕਿਨਾਰੇ ਕਈ ਥਾਵਾਂ ਤੋਂ ਟੁੱਟ ਜਾਂਦੇ ਹਨ, ਜਿਸ ਕਰਕੇ ਨਾਲੇ ਦੇ ਨਾਲ ਲੱਗਦੀਆਂ ਜ਼ਮੀਨਾਂ ਵਿਚ ਪਾਣੀ ਆ ਜਾਣ ਕਾਰਨ ਹਰ ਸਾਲ ਫਸਲਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਇਕ ਪਾਸੇ ਜਿਥੇ ਇਹ ਨਾਲਾ ਕਈ ਪਿੰਡਾਂ ਵਿਚ ਸਿਰਦਰਦੀ ਬਣਦਾ ਹੈ, ਉਥੇ ਹੀ ਤਰਨਤਾਰਨ ਸ਼ਹਿਰ ’ਚੋਂ ਲੰਘਦੇ ਇਸ ਨਾਲੇ ਦੇ ਕਿਨਾਰਿਆਂ ’ਤੇ ਅੱਧਾ ਦਰਜਨ ਦੇ ਕਰੀਬ ਵਾਰਡਾਂ ਦੇ ਹਜ਼ਾਰਾਂ ਲੋਕ ਵਸਦੇ ਹਨ। ਇਸ ਨਾਲੇ ਦੇ ਕੰਢੇ ਹੀ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ, ਪ੍ਰਾਈਵੇਟ ਕਲੀਨਿਕ, ਸਰਕਾਰੀ ਤੇ ਨਿੱਜੀ ਸਕੂਲਾਂ ਤੋਂ ਇਲਾਵਾ ਧਾਰਮਿਕ ਅਸਥਾਨ ਅਤੇ ਦੁਕਾਨਾਂ ਆਦਿ ਵੀ ਮੌਜੂਦ ਹਨ। ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਦਾ ਰਸਤਾ ਵੀ ਇਸ ਕਸੂਰ ਨਾਲੇ ਦੇ ਨਾਲ ਲੱਗਦਾ ਹੈ ਅਤੇ ਰੋਜਾਨਾਂ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨਤਮਸਤਕ ਹੋਣ ਲਈ ਆਉਂਦੀ ਹੈ ਪਰ ਨਾਲੇ ਵਿਚ ਪਈ ਗੰਦਗੀ ਕਾਰਨ ਸੰਗਤਾਂ ਦੇ ਮਨਾਂ ਨੂੰ ਵੀ ਭਾਰੀ ਠੇਸ ਪਹੁੰਚਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਸੂਰ ਨਾਲੇ ਉੱਪਰ ਬਣੇ ਪੁਲ ਨਜ਼ਦੀਕ ਰੇਹੜੀ ਮਾਰਕੀਟ ਬਣਾਉਣ ਦੇ ਮਕਸਦ ਨਾਲ ਰੋਹੀ ਦੇ ਕਾਫੀ ਹਿੱਸੇ ਵਿਚ ਮਿੱਟੀ ਪਾ ਕੇ ਇਸ ਨੂੰ ਢੱਕ ਦਿੱਤਾ ਗਿਆ ਸੀ ਪਰ ਹਾਲੇ ਤੱਕ ਵੀ ਉਥੇ ਰੇਹੜੀ ਮਾਰਕੀਟ ਤਾਂ ਨਹੀਂ ਬਣੀ ਪਰ ਕੂੜੇ ਦੇ ਢੇਰ ਜ਼ਰੂਰ ਲੱਗ ਜਾਂਦੇ ਹਨ। ਬਾਕਸ- ਲੋਕਾਂ ਲਈ ਮੁਸੀਬਤ ਨਾ ਬਣੇ, ਇਸ ਤੋਂ ਪਹਿਲਾਂ ਹੋਵੇ ਸਫਾਈ- ਮੇਜਰ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਖੂਨਦਾਨ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਦਾ ਕਹਿਣਾ ਹੈ ਕਿ ਕਸੂਰ ਨਾਲੇ ਕੰਢੇ ਕਈ ਵਾਰਡਾਂ ਦੇ ਹਜ਼ਾਰਾਂ ਲੋਕ ਵਸਦੇ ਹਨ। ਇਸ ਵਿਚ ਲੱਗੀ ਗੰਦੇ ਪਾਣੀ ਦੀ ਡਾਫ ਕਾਰਨ ਉੱਠਦੀ ਭਾਰੀ ਬਦਬੂ ਇਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਬਰਸਾਤਾਂ ਵਿਚ ਪਾਣੀ ਦਾ ਪੱਧਰ ਕਿਨਾਰਿਆਂ ਤੱਕ ਆ ਜਾਂਦਾ ਹੈ। ਇਸ ਲਈ ਇਸਦੀ ਸਫਾਈ ਕਰਨੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜਦੋਂ ਹਰਮੀਤ ਸਿੰਘ ਸੰਧੂ ਵਿਧਾਇਕ ਸਨ ਤਾਂ ਇਕ ਵਾਰ ਇਸਦੀ ਸਫਾਈ ਹੋਈ ਸੀ। ਬਾਕਸ- ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਚੁੱਕੇ ਕਦਮ- ਤੱਖੂਚੱਕ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ ਨੇ ਕਿਹਾ ਕਿ ਕਸੂਰ ਨਾਲੇ ਦੇ ਆਸ ਪਾਸ ਵੱਡੀ ਆਬਾਦੀ ਵਸਦੀ ਹੈ। ਲੋਕਾਂ ਦੀ ਸਿਹਤ ਨੂੰ ਧਿਅਨ ਵਿਚ ਰੱਖਦਿਆਂ ਜਲਦ ਇਸਦੀ ਸਫਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਾਲੇ ਵਿਚ ਸ਼ਹਿਰ ਦੇ ਸੀਵਰੇਜ਼ ਦਾ ਪਾਣੀ ਵੀ ਡਿੱਗਦਾ ਹੈ ਅਤੇ ਕੁਝ ਥਾਵਾਂ ’ਤੇ ਕੂੜਾ ਵੀ ਸੁੱਟਿਆ ਜਾ ਰਿਹਾ ਹੈ। ਜਿਸ ਨਾਲ ਪਾਣੀ ਹੋਰ ਪ੍ਰਦੂਸ਼ਤ ਹੋ ਜਾਂਦਾ ਹੈ ਅਤੇ ਇਸ ਵਿੱਚੋਂ ਉੱਠਦੀ ਬਦਬੂ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਾਲੇ ਦੇ ਆਸ ਪਾਸ ਸਫਾਈ ਰੱਖਣ ਅਤੇ ਸਰਕਾਰ ਵੀ ਇਸ ਵੱਲ ਧਿਆਨ ਦੇਵੇ।