ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜਨਾ ਸਾਡਾ ਮਕਸਦ: ਹਰਮੀਤ ਸੰਧੂ
ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦੇ ਰਹੀ ਆਪ ਸਰਕਾਰ, ਨੌਜਵਾਨਾਂ ਨੂੰ ਇਤਿਹਾਸ ਨਾਲ ਜੋੜਨਾ ਸਾਡਾ ਮਕਸਦ: ਹਰਮੀਤ ਸੰਧੂ
Publish Date: Sat, 08 Nov 2025 10:01 PM (IST)
Updated Date: Sun, 09 Nov 2025 04:10 AM (IST)

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦੇ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ’ਤੇ ਇਤਿਹਾਸ ਨਾਲ ਜੋੜਨ ਲਈ ਵਚਨਬੱਧ ਹੈ। ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰਾਂ ਦੀ ਸ਼ਲਾਘਾ ਕੀਤੀ। ਹਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਸੈਮੀਨਾਰ ਉਸ ਇਤਿਹਾਸਕ ਮਾਰਗ ’ਤੇ ਕਰਵਾਏ ਗਏ, ਜਿੱਥੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਪਵਿੱਤਰ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ 3 ਤੋਂ 7 ਨਵੰਬਰ ਤੱਕ ਚੱਲੇ ਇਨ੍ਹਾਂ ਤਿੰਨ ਰੋਜ਼ਾ ਸੈਮੀਨਾਰਾਂ ਦੌਰਾਨ 2600 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਹਾਨ ਕੁਰਬਾਨੀ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਉਮੀਦਵਾਰ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਨਾ ਸਿਰਫ਼ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ, ਸਗੋਂ ਉਨ੍ਹਾਂ ਨੂੰ ਹੱਕ ਸੱਚ ਲਈ ਖੜ੍ਹਨ ਦੀ ਪ੍ਰੇਰਨਾ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਨੈਤਿਕ ਵਿਕਾਸ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ ਤਾਂ ਜੋ ਇਕ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਉਸਾਰੂ ਸੋਚ ਵਾਲੀ ਸਰਕਾਰ ਦਾ ਸਾਥ ਦੇਣ ਅਤੇ ਤਰਨ ਤਾਰਨ ਦੇ ਸਰਬਪੱਖੀ ਵਿਕਾਸ ਲਈ ਆਪ ਨੂੰ ਜਿਤਾਉਣ।