ਬੇਰੁਜ਼ਗਾਰ ਸਾਂਝੇ ਮੋਰਚੇ ਦਾ ਮੁਨੀਸ਼ ਸਿਵਲ ਹਸਪਤਾਲ ਦੀ ਟੈਂਕੀ ’ਤੇ ਚੜ੍ਹਿਆ
ਬੇਰੁਜ਼ਗਾਰ ਸਾਂਝੇ ਮੋਰਚੇ ਦਾ ਮੁਨੀਸ਼ ਸਿਵਲ ਹਸਪਤਾਲ ਦੀ ਟੈਂਕੀ ’ਤੇ ਚੜ੍ਹਿਆ
Publish Date: Sat, 08 Nov 2025 08:53 PM (IST)
Updated Date: Sun, 09 Nov 2025 04:10 AM (IST)

ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਵਿਖੇ ਹੋਣ ਜਾ ਰਹੀ ਜਿਮਨੀ ਚੋਣ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਉਸੇ ਤਰਾਂ ਹੀ ਪੰਜਾਬ ਦੀਆਂ ਸੰਘਰਸ਼ ਕਰਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਅਤੇ ਆਪਣੀਆਂ ਮੰਗਾਂ ਸਬੰਧੀ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਤਹਿਤ ਸ਼ਨੀਵਾਰ ਸਵੇਰ ਹੁੰਦੇ ਹੀ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਆਗੂ ਮੁਨੀਸ਼ ਕੁਮਾਰ ਫਾਜਿਲਕਾ ਸਰਕਾਰੀ ਹਸਪਤਾਲ ਦੀ ਟੈਂਕੀ ਉੱਤੇ ਚੜ੍ਹ ਗਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਰਮਨ ਕੁਮਾਰ ਮਲੋਟ, ਸੁਖਵਿਦਰ ਸਿੰਘ ਢਿਲਵਾਂ ਅਤੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲਿਆਂਵਾਲਾ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਨੇ ਹਸਪਤਾਲ ਦੇ ਗੇਟ ਉੱਤੇ ਮੋਰਚਾ ਲਗਾ ਕੇ ਸਰਕਾਰ ਖਿਲਾਫ ਤਿੱਖਾ ਰੋਸ ਜਾਹਿਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਲਗਾਤਾਰ ਲਾਰੇ ਲਗਾ ਰਹੀ ਹੈ ਅਤੇ ਆਪਣੇ ਸਾਢੇ 3 ਸਾਲਾਂ ਕਾਰਜਕਾਲ ਦੌਰਾਨ ਇਕ ਵੀ ਪੋਸਟ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ 2 ਨਵੰਬਰ ਦੇ ਰੋਸ ਪ੍ਰਦਰਸ਼ਨ ਮੌਕੇ ਸਥਾਨਕ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠ ਕੇ ਉਨ੍ਹਾਂ ਦੇ ਮੰਗਾਂ ਸਬੰਧੀ ਗੱਲਬਾਤ ਕਰਵਾਈ ਜਾਵੇਗੀ, ਜੋ ਲਾਰਾ ਸਾਬਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਅਤੇ ਸਿੱਖਿਆ ਵਿਭਾਗ ਵਿਚ ਖਾਲੀ ਪਈਆਂ ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਫੀਸਦੀ ਲਾਜ਼ਮੀ ਅੰਕਾਂ ਨੂੰ ਮੁੱਢੋਂ ਰੱਦ ਕੀਤਾ ਜਾਵੇ, ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ। ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਟੈਂਕੀ ਹੇਠ ਸਥਾਨਕ ਬਾਜ਼ਾਰ ਵਾਲੀ ਮੁੱਖ ਸੜਕ ਉੱਤੇ ਬੈਠੇ ਸਨ। ਉੱਧਰ ਪ੍ਰਸ਼ਾਸ਼ਨ ਵੱਲੋਂ ਹੇਠਾਂ ਪੁਲਿਸ ਬਲ ਤਾਇਨਾਤ ਕੀਤੇ ਹੋਏ ਸਨ। ਇਸ ਮੌਕੇ ਸਥਾਨਕ ਆਗੂ ਬਖਸ਼ੀਸ਼ ਸਿੰਘ, ਨਰਿੰਦਰ ਸ਼ਰਮਾ, ਤਰਨਵੀਰ ਸਿੰਘ, ਜਗਰੂਪ ਸਿੰਘ, ਗੁਰਜਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਹੀਰਾ ਲਾਲ, ਸੁਨੀਲ ਕੁਮਾਰ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ, ਦੇਵਰਾਜ ਸਿੰਘ, ਅਮਨਦੀਪ ਸਿੰਘ, ਸਰਬਜੀਤ ਕੌਰ ਜਵੰਦਾ, ਜਤਿੰਦਰ ਕੌਰ ਆਦਿ ਹਾਜ਼ਰ ਸਨ।