ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਨੇ ਤਰਨਤਾਰਨ ’ਚ ਕੀਤਾ ਸੂਬਾ ਸਰਕਾਰ ਖ਼ਿਲਾਫ ਭਾਰੀ ਪ੍ਰਦਰਸ਼ਨ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਸ਼ਨੀਵਾਰ ਨੂੰ ਵੱਖ ਵੱਖ ਜ਼ਿਲ੍ਹਿਆਂ ਦੀਆਂ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੇ ਆਪ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਜੋਰਦਾਰ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸ਼ਹਿਰ ਵਿਚ ਮਾਰਚ ਵੀ ਕੀਤਾ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮਾਣ ਭੱਤੇ ਵਿਚ ਵਾਧਾ ਨਾ ਕਰਨ ਦੇ ਰੋਸ ਵਜੋਂ ਮਨਦੀਪ ਕੌਰ ਬਿਲਗਾ ਅਤੇ ਲਖਵਿੰਦਰ ਕੌਰ ਫਰੀਦਕੋਟ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਤਰਨਤਾਰਨ ’ਚ ਇਹ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਗਾਂਧੀ ਪਾਰਕ ਵਿਖੇ ਕੀਤੀ ਗਈ ਰੈਲੀ ਦੌਰਾਨ ਪੰਜਾਬ ਪੁਲਿਸ ਵੱਲੋਂ ਪਾਰਕ ਨੂੰ ਜਿੰਦਰੇ ਮਾਰ ਕੇ ਮਾਣ ਭੱਤਾ ਵਰਕਰਾਂ ਨੂੰ ਪਾਰਕ ਦੇ ਅੰਦਰ ਡੱਕਣ ਦਾ ਯਤਨ ਕੀਤਾ ਗਿਆ। ਜਿਸ ਦਾ ਵਿਰੋਧ ਕਰਦੇ ਹੋਏ ਵਰਕਰਾਂ ਨੇ ਪਾਰਕ ਤੋਂ ਬਾਹਰ ਨਿਕਲ ਕੇ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਤੱਕ ਰੋਡ ਮਾਰਚ ਕੀਤਾ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਜ਼ਾਰਾਂ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਂਝੇ ਮੋਰਚੇ ਦੇ ਆਗੂ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਸਰਬਜੀਤ ਕੌਰ ਫਰੀਦਕੋਟ, ਰਮਨਜੀਤ ਕੌਰ ਮੁਕਤਸਰ ਅਤੇ ਬੀਨਾ ਘੱਗਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨਾਲ ਕੀਤੇ ਹੋਏ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ ਅਤੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮਾਣ ਭੱਤਾ ਵਰਕਰਾਂ ਦੇ ਨਿਗੂਣੇ ਮਾਣ ਭੱਤੇ ਵਿੱਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਹੈ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਹਰਿੰਦਰ ਦੁਸਾਂਝ, ਗੁਰਜੀਤ ਸਿੰਘ ਘੱਗਾ,ਪਵਨ ਕੁਮਾਰ ਮੁਕਤਸਰ, ਗੁਰਿੰਦਰਜੀਤ ਸਿੰਘ, ਗੁਰਮੁਖ ਸਿੰਘ ਲੋਕਪ੍ਰੇਮੀ ਨੇ ਕਿਹਾ ਕਿ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਅਨੁਸਾਰ ਤਨਖਾਹਾਂ ਨਾ ਦੇਣ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ 62 ਸਾਲ ਦੀ ਉਮਰ ਤੋਂ ਬਾਅਦ ਸੇਵਾ ਮੁਕਤੀ ਮੌਕੇ ਖਾਲੀ ਘਰਾਂ ਨੂੰ ਤੋਰਨ, ਮਾਣ ਭੱਤਾ ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਨਾ ਕਰਨ ਕਾਰਨ ਪੰਜਾਬ ਭਰ ਦੀਆਂ ਮਾਣ ਭੱਤਾ ਵਰਕਰਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਜਿਸ ਦੇ ਰੋਸ ਵਜੋਂ ਤਰਨਤਾਰਨ ਦੀ ਜ਼ਿਮਨੀ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਕੇ ਜ਼ਿਮਨੀ ਚੋਣਾਂ ਵਿੱਚ ਝੂਠੇ ਦਮਗਜੇ ਮਾਰਨ ਵਾਲੀ ਸਰਕਾਰ ਦਾ ਅਸਲੀ ਚਿਹਰਾ ਜਨਤਾ ਵਿੱਚ ਨੰਗਾ ਕੀਤਾ ਗਿਆ ਹੈ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਹਰਪਾਲ ਕੌਰ ਮੁਕਤਸਰ, ਗੁਰਜੀਤ ਕੌਰ ਸ਼ਾਹਕੋਟ, ਗੁਰਮਿੰਦਰ ਕੌਰ ਗੁਰਦਾਸਪੁਰ ਬਲਵਿੰਦਰ ਕੌਰ ਟਿੱਬਾ, ਰਜਿੰਦਰ ਕੌਰ ਤਰਨਤਾਰਨ, ਹਰਮਿੰਦਰ ਕੌਰ ਮੋਗਾ, ਕਲਵਿੰਦਰ ਕੌਰ ਜਲੰਧਰ, ਲਕਸ਼ਮੀ ਬਾਈ ਫਿਰੋਜ਼ਪੁਰ, ਸੁਖਬੀਰ ਕੌਰ ਫਰੀਦਕੋਟ, ਰਜਿੰਦਰਪਾਲ ਕੌਰ ਫਗਵਾੜਾ, ਅਨੀਤਾ ਰਾਣੀ, ਸਰਬਜੀਤ ਕੌਰ ਛੱਜਲਵੱਡੀ,ਪ੍ਰਵੀਨ ਕੁਮਾਰੀ ਲੁਧਿਆਣਾ, ਗੁਰਪ੍ਰੀਤ ਕੌਰ ਗੁਰਦਾਸਪੁਰ ਅਤੇ ਰਾਜ ਕੌਰ ਤਰਨਤਾਰਨ ਨੇ ਵੀ ਸੰਬੋਧਨ ਕੀਤਾ।