ਪੰਜਾਬ ਨੂੰ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਕਰਜ਼ੇ ਤੋਂ ਮੁਕਤ ਕਰਨ ਦਾ ਸਮਾਂ ਆ ਗਿਆ - ਮੁੱਖ ਮੰਤਰੀ ਰੇਖਾ ਗੁਪਤਾ
ਕਿਹਾ- ਮੁੱਖ ਮੰਤਰੀ ਤੇ ਕੇਜਰੀਵਾਲ ਨੇ ਪੰਜਾਬ ਨੂੰ ਕਰਜ਼ੇ ’ਚ ਡੁਬੋਇਆ, 11 ਜਨਤਾ ਦੇਵੇਗੀ ਜਵਾਬ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸ ਦੌਰਾਨ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ 11 ਨਵੰਬਰ ਨੂੰ ਭਾਜਪਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਵਿਕਾਸ ਮਾਡਲ ਦੀਆਂ ਪ੍ਰਾਪਤੀਆਂ ਅਤੇ ਦਿੱਲੀ ਵਿਚ ਭਾਜਪਾ ਸਰਕਾਰ ਦੀਆਂ ਸਫਲ ਲੋਕ ਭਲਾਈ ਸਕੀਮਾਂ ਦੱਸੀਆਂ। ਉਨ੍ਹਾਂ ਕਿਹਾ ਕਿ ਇਹ ਉੱਪ ਚੋਣ ਸਿਰਫ਼ ਇਕ ਸੀਟ ਲਈ ਚੋਣ ਨਹੀਂ ਹੈ, ਸਗੋਂ ਸੂਬੇ ਦੇ ਭਵਿੱਖ ਅਤੇ ਵਿਕਾਸ ਦੀ ਦਿਸ਼ਾ ਲਈ ਸਹੀ ਸਮਾਂ ਹੈ। ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਸਕੱਤਰ ਡਾ. ਨਰਿੰਦਰ ਸਿੰਘ ਰੈਣਾ, ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਾਠੌਰ, ਪ੍ਰਦੇਸ਼ ਮਹਾਂ ਮੰਤਰੀ ਅਨਿਲ ਸਰੀਨ, ਮਹਿਲਾ ਮੋਰਚਾ ਪੰਜਾਬ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਮੀਤ ਪ੍ਰਧਾਨ ਕੇਡੀ ਭੰਡਾਰੀ, ਚੋਣ ਇੰਚਾਰਜ ਸੁਰਜੀਤ ਕੁਮਾਰ ਜਿਆਣੀ, ਗੇਜਾ ਰਾਮ, ਸਾਬਕਾ ਪ੍ਰਦੇਸ਼ ਪ੍ਰਧਾਨ ਯੁਵਾ ਮੋਰਚਾ ਰਾਜੇਸ਼ ਹਨੀ ਤੋਂ ਇਲਾਵਾ ਸੀਨੀਅਰ ਭਾਜਪਾ ਲੀਡਰਸ਼ਿਪ ਵੀ ਹਾਜਰ ਰਹੀ। ਇਸ ਮੌਕੇ ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਹੁੰਚੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੌਸਲਾ ਅਫਜਾਈ ਕਰਨ ਲਈ ਹਮੇਸ਼ਾ ਹੀ ਰਿਣੀ ਰਹਿਣਗੇ। ਉਨ੍ਹਾਂ ਵਰਕਰਾਂ ਨੂੰ ਵੀ ਜੀ ਆਇਆਂ ਆਖਿਆ। ਤਰਨਤਾਰਨ ਫੇਰੀ ਦੀ ਸ਼ੁਰੂਆਤ ਵਿਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਵਿੱਚ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਉਹ ਸ੍ਰੀ ਠਾਕੁਰਦੁਆਰਾ ਮਦਨ ਮੋਹਨ ਮੰਦਰ ਗਏ। ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦਾ ਸਬੰਧ ਸਿਰਫ਼ ਭੁਗੋਲਿਕ ਹੀ ਨਹੀਂ, ਸਗੋਂ ਸੱਭਿਆਚਾਰਕ, ਸਮਾਜਿਕ ਅਤੇ ਭਾਵਨਾਤਮਿਕ ਵੀ ਹੈ। ਦਿੱਲੀ ਦੇ ਵਿਕਾਸ ਵਿਚ ਪੰਜਾਬ ਦੇ ਲੋਕਾਂ ਦਾ ਯੋਗਦਾਨ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਪੰਜਾਬ, ਖਾਸ ਕਰਕੇ ਤਰਨਤਾਰਨ ’ਚ ਇਸ ਵੇਲੇ ਦੇਖੀ ਜਾ ਰਹੀ ਦੁਰਦਸ਼ਾ ਪਿੱਛੇ ਜ਼ਿੰਮੇਵਾਰੀ ਤੋਂ ਜਾਣੂ ਹੈ, ਜਿਥੇ ਕਤਲ, ਜਬਰਨ ਵਸੂਲੀ, ਫਿਰੌਤੀ, ਜ਼ਬਤੀ ਅਤੇ ਲੁੱਟ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਜੋ ਕਦੇ ਪੂਰੇ ਦੇਸ਼ ਨੂੰ ਭੋਜਨ ਦਿੰਦਾ ਸੀ, ਹੁਣ ਨਸ਼ੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਲਈ ਲੈਂਡ ਪੂਲਿੰਗ ਯੋਜਨਾ ਸ਼ੁਰੂ ਕੀਤੀ ਸੀ, ਪਰ ਜਨਤਕ ਵਿਰੋਧ ਤੋਂ ਬਾਅਦ ਇਸਨੂੰ ਵਾਪਸ ਲੈਣਾ ਪਿਆ। ਹੁਣ ਸਰਕਾਰ ਨੇ ਸਰਕਾਰੀ ਜ਼ਮੀਨ ਵੇਚਣ ਦਾ ਸਹਾਰਾ ਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੰਜਾਬ ਵਿੱਚ ਕੋਈ ਨਵੀਂ ਸੜਕ, ਪੁਲ ਜਾਂ ਕਾਲਜ ਨਹੀਂ ਬਣੇ, ਤਾਂ ਸਾਰਾ ਪੈਸਾ ਕਿੱਥੇ ਗਿਆ? ਮੁੱਖ ਮੰਤਰੀ ਨੇ ਕਿਹਾ ਕਿ ਇਹ ਪੈਸਾ ਗੁੰਡਾਗਰਦੀ, ਭ੍ਰਿਸ਼ਟਾਚਾਰ ਅਤੇ ਸਵਾਰਥੀ ਲੀਡਰਸ਼ਿਪ ਦੇ ਐਸ਼ੋ ਆਰਾਮ ’ਤੇ ਖਰਚ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ, ਉਸੇ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਦੀ ਕਮਾਈ ਨਿੱਜੀ ਐਸ਼ੋ ਆਰਾਮ ’ਤੇ ਖਰਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਪੰਜਾਬ ਵਿਚ ਹੜ੍ਹਾਂ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ, ਤਾਂ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਸੱਤਾਧਾਰੀ ਪਾਰਟੀ ਦਾ ਕੋਈ ਪ੍ਰਤੀਨਿਧੀ ਲੋਕਾਂ ਨਾਲ ਖੜ੍ਹਾ ਸੀ। ਅਜਿਹੇ ਔਖੇ ਸਮੇਂ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਲੋਕਾਂ ਨੇ ਪੰਜਾਬ ਵੱਲ ਮਦਦ ਦਾ ਹੱਥ ਵਧਾਇਆ। ਦਿੱਲੀ ਸਰਕਾਰ ਨੇ ਵੀ ਰਾਹਤ ਸਮੱਗਰੀ ਦੇ 60 ਟਰੱਕ ਭੇਜੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਲੁੱਟ, ਖਾਸ ਕਰਕੇ ਗੈਰ-ਕਾਨੂੰਨੀ ਰੇਤ ਮਾਈਨਿੰਗ ਨੇ ਦਰਿਆਵਾਂ ਦੇ ਕੰਢਿਆਂ ਨੂੰ ਢਾਹ ਦਿੱਤਾ ਹੈ, ਹੜ੍ਹਾਂ ਨੂੰ ਵਧਾ ਦਿੱਤਾ ਹੈ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਅੱਜ, ਵਪਾਰੀ ਅਤੇ ਕਿਸਾਨ ਦੋਵੇਂ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਇਸ ਮੌਕੇ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਹਰਦੀਪ ਸਿੰਘ ਗਿੱਲ, ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ, ਸ਼ਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ, ਮਹਿਲਾ ਮੋਰਚਾ ਸਰਕਲ ਪ੍ਰਧਾਨ ਦਵਿੰਦਰ ਕੌਰ ਮੰਡ, ਯੂਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਜ਼ਿਲ੍ਹਾ ਸਕੱਤਰ ਬਿਕਰਮ ਅਰੋੜਾ, ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ, ਸ਼ਹਿਰੀ ਜਨਰਲ ਸਕੱਤਰ ਜਸਵਿੰਦਰ ਸਿੰਘ, ਸ਼ਹਿਰੀ ਜਨਰਲ ਸਕੱਤਰ ਘਣਸ਼ਿਆਮ ਜੋਸ਼ੀ, ਸਬ ਸਰਕਲ ਇੰਚਾਰਜ ਮਾਸਟਰ ਬਲਦੇਵ ਸਿੰਘ ਮੰਡ, ਜੱਬਰ ਸਿੰਘ, ਰਾਮੇਸ਼ ਕੁਮਾਰ, ਰਾਮੇਸ਼ ਕਲਸੀ, ਅਮਨ ਸ਼ਰਮਾ, ਪਰਮਜੀਤ ਸਿੰਘ ਲਾਲਕਾ, ਅਰਵਿੰਦ ਮਰਵਾਹਾ, ਕਾਰਤਿਕ ਚੋਪੜਾ, ਦਲਜਿੰਦਰ ਸਿੰਘ ਖਾਲਸਾ, ਦੀਪਕ ਸ਼ਰਮਾ, ਅਮਰਜੀਤ ਸਿੰਘ ਤੋਂ ਇਲਾਵਾ ਹੋਰ ਪਾਰਟੀ ਵਰਕਰਵੀ ਮੌਜੂਦ ਸਨ।