ਸੀਆਈਐੱਸਈ ਜੋਨਲ ਦੇ 21 ਸਕੂਲਾਂ ਦੀਆਂ 500 ਖਿਡਾਰਨਾਂ ਨੇ ਲਿਆ ਅਥਲੈਟਿਕਸ ਮੀਟ ਵਿਚ ਹਿੱਸਾ
ਖੇਡ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਰੀਰਿਕ ਤੰਦਰੁਸਤੀ, ਅਨੁਸ਼ਾਸਨ, ਲੀਡਰਸ਼ਿਪ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
Publish Date: Tue, 05 May 2026 07:55 PM (IST)
Updated Date: Wed, 06 May 2026 04:15 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਅਥਲੈਟਿਕਸ ਮੀਟ ਬਹੁਤ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਸਦਕਾ ਸਫ਼ਲਤਾ ਪੂਰਵਕ ਆਯੋਜਿਤ ਕੀਤੀ ਗਈ। ਜਿਸ ਵਿਚ 21 ਸੀਆਈਐੱਸਈ ਐਫੀਲੀਏਟਿਡ ਸਕੂਲਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਲੜਕੇ ਲੜਕੀਆਂ ਐਥਲੀਟਾਂ ਨੇ ਅਸਾਧਾਰਨ ਪ੍ਰਤਿਭਾ, ਦ੍ਰਿੜਤਾ ਅਤੇ ਚੰਗੀ ਟੀਮ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਮੀਟ ਦੌਰਾਨ ਡਿਸਕਸ ਥਰੋਅ, ਜੈਵਲਿਨ ਥਰੋਅ, ਹੈਮਰ ਥਰੋਅ, ਸ਼ਾਟ ਪੁਟ, ਲੰਬੀ ਛਾਲ, ਉੱਚੀ ਛਾਲ ਤੇ ਟ੍ਰਿਪਲ ਜੰਪ ਸ਼ਾਮਿਲ ਸਨ। ਟ੍ਰੈਕ ਈਵੈਂਟਾਂ ਵਿਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 1500 ਮੀਟਰ ਅਤੇ 3000 ਮੀਟਰ ਦੌੜ ਦੇ ਨਾਲ-ਨਾਲ ਵਾਕ ਰੇਸ ਅਤੇ ਅੜਿੱਕਾ ਦੌੜ, ਰਿਲੇਅ ਦੌੜ ਸ਼ਾਮਿਲ ਸਨ। ਖੇਡ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੀਸੀਏ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਤੇ ਪ੍ਰਿੰਸੀਪਲ ਸੰਧਿਆ ਖੰਨਾ ਨੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਖਿਡਾਰੀਆਂ ਨੂੰ ਇਨਾਮ ਪ੍ਰਦਾਨ ਕਰਦਿਆਂ ਉਨ੍ਹਾਂ ਦੀ ਖੇਡ ਪ੍ਰਤਿਭਾ ਦੀ ਸ਼ਲਾਘਾ ਕੀਤੀ। ਖੇਡਾਂ ’ਚ ਅੰਡਰ 14 ਸਰਬੋਤਮ ਐਥਲੀਟ ਬਿਪਨਪ੍ਰੀਤ ਕੌਰ ਸੇਂਟ ਫਰਾਂਸਿਸ ਜੰਡਿਆਲਾ ਗੁਰੂ, ਅੰਡਰ 17 ਸਰਬੋਤਮ ਐਥਲੀਟ ਹਰਤਾਨਿਸ਼ ਕੌਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ, ਅੰਡਰ 19 ਸਰਬੋਤਮ ਐਥਲੀਟ ਹਰਲੀਨ ਕੌਰ ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ ਰਹੇ। ਉੱਥੇ ਹੀ ਓਅਰਆਲ ਟਰਾਫੀ ਅੰਡਰ 14 ’ਚ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਅੰਡਰ 17 ਸੈਕਰਡ ਹਾਰਟ ਕਾਨਵੈਂਟ ਸਕੂਲ ਬਿਆਸ, ਅੰਡਰ 19 ਪੰਜਾਬ ਚਿਲਡਰਨ ਅਕੈਡਮੀ ਤਰਨਤਾਰਨ ਜੇਤੂ ਰਹੇ। ਪੰਜਾਬ ਚਿਲਡਰਨ ਅਕੈਡਮੀ ਨੇ ਪ੍ਰਬੰਧਾਂ ਵਿਚ ਸਹਿਯੋਗ ਲਈ ਭਾਗੀਦਾਰ ਸਕੂਲਾਂ ਦੇ ਅਧਿਕਾਰੀਆਂ, ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਖੇਡ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਰੀਰਿਕ ਤੰਦਰੁਸਤੀ, ਅਨੁਸ਼ਾਸਨ, ਲੀਡਰਸ਼ਿਪ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਸੰਧਿਆ ਖੰਨਾ ਨੇ ਆਏ ਕੋਚਾਂ ਤੇ ਸਕੂਲਾਂ ਦੇ ਖੇਡ ਅਧਿਆਪਕਾਂ ਦਾ ਧੰਨਵਾਦ ਕੀਤਾ।