ਤਰਨਤਾਰਨ ਜ਼ਿਲ੍ਹੇ ਵਿਚ ਹੁਣ ਤਕ ਹੋਈ 5 ਲੱਖ 94 ਹਜਾਰ 352 ਮੀਟ੍ਰਿਕ ਟਨ ਕਣਕ ਦੀ ਖ਼ਰੀਦ
ਵੱਖ-ਵੱਖ ਖ਼ਰੀਦ ਏਜੰਸੀਆਂ ਨੇ 5 ਲੱਖ 94 ਹਜ਼ਾਰ 352 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਹੈ
Publish Date: Mon, 27 Apr 2026 07:37 PM (IST)
Updated Date: Tue, 28 Apr 2026 04:11 AM (IST)
ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਇਸ ਵੇਲੇ ਕਣਕ ਦੀ ਖ਼ਰੀਦ ਚੱਲ ਰਹੀ ਹੈ। ਐਤਵਾਰ ਸ਼ਾਮ ਤਕ ਤਰਨਤਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 6 ਲੱਖ 7 ਹਜਾਰ 149 ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ। ਜਿਸ ਵਿੱਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 5 ਲੱਖ 94 ਹਜ਼ਾਰ 352 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰ ਲਈ ਹੈ। ਜਦੋਂਕਿ ਖ਼ਰੀਦ ਕੀਤੀ ਗਈ ਫ਼ਸਲ ਦੀ ਕਿਸਾਨਾਂ ਨੂੰ ਨਿਰਧਾਰਿਤ ਸਮੇਂ ਅੰਦਰ 1239.12 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਦੀ ਵਚਨਬੱਧ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚਾਰੂ ਖ਼ਰੀਦ ਸੀਜ਼ਨ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿਹਾ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ’ਚ ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲਿਫ਼ਟਿੰਗ ’ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖ਼ਰੀਦ ਉਪਰੰਤ ਮੰਡੀਆਂ ’ਚੋਂ ਨਿਰਧਾਰਿਤ ਸਮੇਂ ਦੇ ਅੰਦਰ ਫ਼ਸਲ ਦੀ ਚੁਕਾਈ ਯਕੀਨੀ ਬਣਾਈ ਜਾਵੇ।
======
ਕਿਸ ਏਜੰਸੀ ਨੇ ਕੀਤੀ ਕਿੰਨੀ ਖਰੀਦ
ਏਜੰਸੀ - ਖਰੀਦ ਮੀਟ੍ਰਿਕ ਟਨਾਂ ’ਚ
ਪਨਗਰੇਨ - 200914
ਮਾਰਕਫੈੱਡ - 162785
ਪਨਸਪ - 125737
ਵੇਅਰ ਹਾਊਸ ਕਾਰਪੋਰੇਸ਼ਨ - 92945
ਐੱਫਸੀਆਈ - 11182
ਪ੍ਰਾਈਵੇਟ - 789
ਕੁੱਲ - 594352
======
ਲਿਫਟਿੰਗ ਸਮੱਸਿਆ ਬਰਕਰਾਰ, ਆੜ੍ਹਤੀਆਂ ਦਾ ਹੋ ਰਿਹੈ ਨੁਕਸਾਨ
ਤਰਨਤਾਰਨ ਅਨਾਜ ਮੰਡੀ ਦੀ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸ਼ਰਮਾ ਨੇ ਕਿਹਾ ਕਿ ਮੰਡੀਆਂ ’ਚ ਕਣਕ ਦੇ ਅੰਬਾਰ ਲੱਗ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲਿਫਟਿੰਗ ਦੀ ਸਮੱਸਿਆ ਹਰ ਵਾਰ ਦੀ ਤਰ੍ਹਾਂ ਬਰਕਰਾਰ ਹੈ। ਸ਼ਰਮਾ ਨੇ ਕਿਹਾ ਕਿ ਹਰ ਵਾਰ ਢੋਆ-ਢੁਆਈ ਦੇ ਟੈਂਡਰਕਾਰ ਦੇ ਵਰਤਾਰੇ ਦਾ ਨੁਕਸਾਨ ਆੜ੍ਹਤੀਆਂ ਨੂੰ ਝੱਲਣਾ ਪੈਂਦਾ ਹੈ। ਅਵਤਾਰ ਸ਼ਰਮਾ ਨੇ ਦੱਸਿਆ ਕਿ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਰਾਇਆ ਖਰਚ ਕੇ ਆੜ੍ਹਤੀ ਆਪ ਫਸਲ ਦੀ ਲਿਫਟਿੰਗ ਕਰਵਾ ਰਹੇ ਹਨ। ਜਦੋਂਕਿ ਟੈਂਡਰ ਕਾਰ ਵੱਲੋਂ 8 ਜਾਂ 9 ਰੁਪਏ ਪ੍ਰਤੀ ਕੁਇੰਟਲ ਕਿਰਾਇਆ ਹੀ ਆੜ੍ਹਤੀਆਂ ਨੂੰ ਦਿੱਤਾ ਜਾਂਦਾ ਹੈ।