29 ਮਈ ਦੀ ਜਲੰਧਰ ਰੈਲੀ ਲਈ ਤਰਨਤਾਰਨ ਤੋਂ 150 ਸਾਥੀ ਜਾਣਗੇ : ਗੋਹਲਵੜ
ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਰੈਲੀ ’ਚ ਜ਼ਿਲ੍ਹਾ ਤਰਨਤਾਰਨ ਤੋਂ 150 ਸਾਥੀ ਸ਼ਾਮਿਲ ਹੋਣਗੇ
Publish Date: Sun, 26 Apr 2026 03:47 PM (IST)
Updated Date: Mon, 27 Apr 2026 04:02 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਪੱਟੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨਾਲ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਮੈਂਬਰਸ਼ਿਪ ਦਾ ਕੋਟਾ ਪੂਰਾ ਕਰ ਲਿਆ ਗਿਆ ਹੈ। ਮੀਟਿੰਗ ’ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ 29 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਰੈਲੀ ’ਚ ਜ਼ਿਲ੍ਹਾ ਤਰਨਤਾਰਨ ਤੋਂ 150 ਸਾਥੀ ਸ਼ਾਮਿਲ ਹੋਣਗੇ। ਇਸ ਲਈ ਜ਼ਿਲ੍ਹਾ ਕਮੇਟੀ ਵੱਲੋਂ ਵੱਖ-ਵੱਖ ਇਕਾਈਆਂ ਨੂੰ ਕੋਟਾ ਵੰਡ ਦਿੱਤਾ ਗਿਆ ਹੈ। ਇਸ ਮੌਕੇ ਕਾਮਰੇਡ ਗੋਹਲਵੜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰ ਕੇ ਵੀਬੀਜੀ ਰਾਮਜੀ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਨਾਲ ਮਜ਼ਦੂਰਾਂ ਦੇ ਹੱਕਾਂ ’ਤੇ ਵੱਡਾ ਅਸਰ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵੀਬੀਜੀ ਰਾਮਜੀ ਕਾਨੂੰਨ ਰੱਦ ਕਰ ਕੇ ਮਨਰੇਗਾ ਕਾਨੂੰਨ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ ਸਾਲ ਭਰ ਰੁਜ਼ਗਾਰ ਦਿੱਤਾ ਜਾਵੇ। ਨਾਲ ਹੀ ਕੇਰਲਾ ਸਰਕਾਰ ਵਾਂਗ ਮਨਰੇਗਾ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਕੀਤੇ ਕੰਮ ਦੀ ਰਕਮ ਤੁਰੰਤ ਖਾਤਿਆਂ ’ਚ ਪਾਈ ਜਾਵੇ। ਮੀਟਿੰਗ ’ਚ ਇਹ ਮੰਗਾਂ ਵੀ ਰੱਖੀਆਂ ਗਈਆਂ ਕਿ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਘੱਟੋਂ-ਘੱਟ 5 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਬੇਘਰ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦੇ ਕੇ ਮਕਾਨ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ। ਇਸ ਮੌਕੇ ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਮਹਿੰਦਰ ਸਿੰਘ ਪੱਟੀ, ਕਾਮਰੇਡ ਗੁਰਦੀਪ ਸਿੰਘ ਭਿੱਖੀਵਿੰਡ, ਕਾਮਰੇਡ ਅੰਗਰੇਜ਼ ਸਿੰਘ ਰਟੌਲ, ਕਾਮਰੇਡ ਦਵਿੰਦਰ ਸਿੰਘ ਪੱਖੋਕੇ, ਕਾਮਰੇਡ ਕਰਤਾਰ ਸਿੰਘ ਕੋਟਲੀ ਅਤੇ ਕਾਮਰੇਡ ਦਿਆਲ ਸਿੰਘ ਚੂਸਲੇਵੜ ਸਮੇਤ ਹੋਰ ਆਗੂ ਹਾਜ਼ਰ ਸਨ।