ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਵਿਖੇ ਵਿਸ਼ਵ ਦੂਰਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ ਮਨਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ ਵੱਲੋਂ ਦ ਇੰਸਟੀਚਿਊਸ਼ਨ ਆਫ ਇੰਜੀਨੀਅਰਜ਼ (ਇੰਡੀਆ), ਬਠਿੰਡਾ ਲੋਕਲ ਸੈਂਟਰ ਦੇ ਸਹਿਯੋਗ ਨਾਲ ਵਿਸ਼ਵ ਦੂਰਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ ਬਹੁਤ ਹੀ ਉਤਸ਼ਾਹ, ਗਿਆਨਵਰਧਕ ਮਾਹੌਲ ਅਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ ਡਿਜੀਟਲ ਲਾਈਫਲਾਈਨਜ਼ ਰਿਹਾ, ਜਿਸ ਤਹਿਤ ਡਿਜ਼ਿਟਲ ਕਨੈਕਟਿਵਿਟੀ, ਦੂਰਸੰਚਾਰ ਪ੍ਰਣਾਲੀਆਂ ਦੀ ਮਹੱਤਤਾ ਅਤੇ ਤਕਨਾਲੋਜੀ ਰਾਹੀਂ ਮਜ਼ਬੂਤ ਸਮਾਜ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਮਹਿਮਾਨਾਂ ਦੇ ਸਵਾਗਤ ਅਤੇ ਦੀਪ ਪ੍ਰਜਵਲਨ ਨਾਲ ਹੋਈ। ਇਸ ਮੌਕੇ ਡਾ. ਲਾਭ ਸਿੰਘ, ਸਾਬਕਾ ਸਲਾਹਕਾਰ, ਭਾਰਤ ਸਰਕਾਰ ਅਤੇ ਸਾਬਕਾ ਚੇਅਰਮੈਨ, ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ’ਚ ਦੂਰਸੰਚਾਰ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਸਿੱਖਿਆ, ਸਿਹਤ, ਉਦਯੋਗ ਅਤੇ ਰਾਸ਼ਟਰੀ ਵਿਕਾਸ ਦੀ ਮਜ਼ਬੂਤ ਕੜੀ ਹੈ। ਪ੍ਰੋ. ਡਾ. ਅਜੈਪਾਲ ਸਿੰਘ, ਮੁਖੀ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ, ਸਲਾਇਟ ਲੌਂਗੋਵਾਲ ਨੇ ਵਿਦਿਆਰਥੀਆਂ ਨੂੰ 5ਜੀ, ਇੰਟਰਨੈਟ ਆਫ ਥਿੰਗਸ, ਸਮਾਰਟ ਕਮਿਊਨੀਕੇਸ਼ਨ ਅਤੇ ਡਿਜ਼ਿਟਲ ਇਨੋਵੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਦੇ ਕੀਨੋਟ ਸਪੀਕਰ ਡਾ. ਜਸਵੀਰ ਸਿੰਘ ਕਲਸੀ ਨੇ ਇਸ ਸਾਲ ਦੇ ਥੀਮ ’ਤੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਗਿਆਨਵਰਧਕ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਡਿਜ਼ਿਟਲ ਕਨੈਕਟਿਵਿਟੀ ਅੱਜ ਸਿਰਫ਼ ਸਹੂਲਤ ਨਹੀਂ, ਸਗੋਂ ਮਨੁੱਖੀ ਜੀਵਨ ਦੀ ਅਹਿਮ ਜੀਵਨਰੇਖਾ ਬਣ ਚੁੱਕੀ ਹੈ। ਕੁਦਰਤੀ ਆਫ਼ਤਾਂ, ਸਿਹਤ ਸੰਬੰਧੀ ਐਮਰਜੈਂਸੀ ਅਤੇ ਸਮਾਜਿਕ ਚੁਣੌਤੀਆਂ ਦੇ ਸਮੇਂ ਮਜ਼ਬੂਤ ਟੈਲੀਕਮਿਊਨੀਕੇਸ਼ਨ ਅਤੇ ਡਿਜ਼ੀਟਲ ਢਾਂਚਾ ਸਮਾਜ ਨੂੰ ਜੋੜੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਪ੍ਰੋ. ਡਾ. ਜਗਪਾਲ ਸਿੰਘ ਉੱਭੀ, ਚੇਅਰਮੈਨ, ਬਠਿੰਡਾ ਲੋਕਲ ਸੈਂਟਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ’ਚ ਸੰਸਥਾ ਦੇ ਪ੍ਰਬੰਧਕ ਚੇਅਰਮੈਨ ਇੰਜੀਨੀਅਰ ਆਰ.ਕੇ. ਗੁਪਤਾ, ਵਾਈਸ ਚੇਅਰਮੈਨ ਰਣਜੀਵ ਮੰਗਲਾ, ਜਨਰਲ ਸਕੱਤਰ ਇੰਜੀਨੀਅਰ ਵਿੱਕੀ ਸਿੰਗਲਾ, ਜੁਆਇੰਟ ਸਕੱਤਰ ਇੰਜੀਨੀਅਰ ਇੰਦਰਪਾਲ ਗੋਇਲ, ਖਜ਼ਾਨਚੀ ਅਸ਼ਵਨੀ ਸਿੰਗਲਾ, ਐਡੀਸ਼ਨਲ ਸਕੱਤਰ ਇੰਜੀਨੀਅਰ ਮੋਹਿਤ ਮੰਗਲਾ, ਐਗਜ਼ਿਕਿਊਟਿਵ ਮੈਂਬਰ ਹਰਭਜਨ ਸਿੰਘ ਅਤੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਦੀ ਪ੍ਰੇਰਨਾਦਾਇਕ ਮੌਜੂਦਗੀ ਨੇ ਸਮਾਗਮ ਦੀ ਸ਼ੋਭਾ ਵਧਾਈ। ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਵਹਾਰਕ ਅਤੇ ਤਕਨੀਕੀ ਗਿਆਨ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ। ਇਸ ਮੌਕੇ ਡੀਨ ਅਕਾਦਮਿਕ ਡਾ. ਭਵੇਤ, ਡੀਨ ਇੰਜੀਨੀਅਰਿੰਗ ਰਜਨੀਸ਼ ਨਰੂਲਾ, ਨਵਦੀਪ ਬਾਂਸਲ, ਵਿਜੈ ਕੁਮਾਰ ਅਤੇ ਜਸਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਮਾਗਮ ਵਿੱਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਸਾਰੇ ਮਹਿਮਾਨਾਂ, ਪ੍ਰਬੰਧਕਾਂ, ਫੈਕਲਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।