ਨਾਜਾਇਜ਼ ਮਾਈਨਿੰਗ ਤੇ ਪ੍ਰਸਤਾਵਿਤ ਫੈਕਟਰੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਫੁੱਟਿਆ ਗੁੱਸਾ
ਨਾਜਾਇਜ਼ ਮਾਈਨਿੰਗ ਤੇ ਪ੍ਰਸਤਾਵਿਤ ਫੈਕਟਰੀ ਨੂੰ ਲੈ ਕੇ ਪ੍ਰਸ਼ਾਸਨ ਤੇ ਪੰਚਾਇਤ ਖਿਲਾਫ਼ ਪਿੰਡ ਵਾਸੀਆਂ ਦਾ ਫੁੱਟਿਆ ਗੁੱਸਾ
Publish Date: Sat, 21 Feb 2026 06:16 PM (IST)
Updated Date: Sun, 22 Feb 2026 04:10 AM (IST)

ਪਿੰਡ ਅਲਕੜਾ ’ਚ ਸਰਪੰਚ ਤੇ ਪ੍ਰਸ਼ਾਸਨ ’ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਸ਼ਾਮਲਾਟ ਜ਼ਮੀਨ ’ਤੇ ਮਿੱਟੀ ਦੀ ਬੋਲੀ ਲਗਾਈ, ਪੰਚਾਇਤ ਉਸ ਰਾਸ਼ੀ ਬਾਰੇ ਜਾਣਕਾਰੀ ਨਹੀਂ ਦੇ ਰਹੀ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਭਦੌੜ ਦੇ ਨੇੜਲੇ ਪਿੰਡ ਅਲਕੜਾ ’ਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਸਰਪੰਚ ਤੇ ਸਥਾਨਕ ਪ੍ਰਸ਼ਾਸਨ ’ਤੇ ਨਾਜਾਇਜ਼ ਮਾਈਨਿੰਗ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਮੋਰਚਾ ਖੋਲ੍ਹ ਦਿੱਤਾ। ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂ ਕਮਲਜੀਤ ਸਿੰਘ ਨੇ ਜਨਤਕ ਤੌਰ ’ਤੇ ਕਿਹਾ ਕਿ ਪਿਛਲੇ ਸਮੇਂ ਵਿੱਚ ਪਿੰਡ ਦੀ ਸਾਂਝੀ ਸ਼ਾਮਲਾਟ ਜ਼ਮੀਨ ’ਤੇ ਪੂਰਾ ਦਿਨ ਮਿੱਟੀ ਦੀ ਬੋਲੀ ਲਗਾਈ ਗਈ ਸੀ। ਜਿਸ ਤੋਂ ਲੱਖਾਂ ਰੁਪਏ ਦੀ ਆਮਦਨ ਹੋਈ ਸੀ ਪਰ ਹੁਣ ਪੰਚਾਇਤ ਉਸ ਰਾਸ਼ੀ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਹੈ। ਇਹ ਪੈਸਾ ਪੂਰੀ ਤਰ੍ਹਾਂ ਗਾਇਬ ਕਰ ਦਿੱਤਾ ਗਿਆ ਹੈ ਜਿਸ ਨੂੰ ਪਿੰਡ ਦੇ ਨਿਵਾਸੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਨੇ ਅੱਗੇ ਪ੍ਰਸ਼ਾਸਨ ਤੇ ਹਮਲਾ ਕਰਦਿਆਂ ਦੱਸਿਆ ਕਿ ਸਰਕਾਰ ਅਤੇ ਪੰਚਾਇਤ ਦੀ ਮਿਲੀਭੁਗਤ ਨਾਲ ਪਿੰਡ ਵਿੱਚ ਧੱਕੇ ਨਾਲ ਇੱਕ ਫੈਕਟਰੀ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਦਾ ਗੰਦਾ ਪਾਣੀ ਮੁੜ ਵਰਤੋਂ ਦੀ ਪ੍ਰਕਿਰਿਆ ਰਾਹੀਂ ਸਿੱਧਾ ਧਰਤੀ ਦੇ ਅੰਦਰ ਪਾਇਆ ਜਾਵੇਗਾ ਜੋ ਭਵਿੱਖ ਵਿੱਚ ਪਿੰਡ ਦੇ ਜ਼ਮੀਨੀ ਪਾਣੀ ਨੂੰ ਪੂਰੀ ਤਰ੍ਹਾਂ ਜ਼ਹਿਰੀਲਾ ਬਣਾ ਦੇਵੇਗਾ ਅਤੇ ਪਿੰਡ ਵਾਸੀਆਂ ਦੀ ਸਿਹਤ ਲਈ ਵੱਡਾ ਸੰਕਟ ਖੜ੍ਹਾ ਕਰ ਦੇਵੇਗਾ ਇਸ ਲਈ ਪਿੰਡ ਵਾਸੀ ਇਹ ਮੰਗ ਕਰਦੇ ਹਨ ਕਿ ਮਿੱਟੀ ਚੁੱਕਣ ਤੋਂ ਪ੍ਰਾਪਤ ਹੋਈ ਰਾਸ਼ੀ ਦਾ ਪਾਈ-ਪਾਈ ਦਾ ਹਿਸਾਬ ਜਨਤਾ ਦੇ ਸਾਹਮਣੇ ਰੱਖਿਆ ਜਾਵੇ ਤੇ ਇਸ ਖਤਰਨਾਕ ਫੈਕਟਰੀ ਨੂੰ ਲਗਾਉਣ ਦਾ ਮਤਾ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਵੇ ਨਹੀਂ ਤਾਂ ਪਿੰਡ ਵਾਸੀ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਸਰਪੰਚ ਬੇਅੰਤ ਕੌਰ ਦੇ ਸਹੁਰੇ ਜਗਰਾਜ ਸਿੰਘ ਨੇ ਆਪਣਾ ਪੱਖ ਰੱਖਦਿਆਂ ਸਪੱਸ਼ਟ ਕੀਤਾ ਕਿ ਮਿੱਟੀ ਚੁੱਕਣ ਦੀ ਜੋ ਵੀ ਪ੍ਰਕਿਰਿਆ ਹੋਈ ਸੀ ਉਹ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਅਤੇ ਪਾਰਦਰਸ਼ੀ ਸੀ ਅਤੇ ਪੰਚਾਇਤ ਵੱਲੋਂ ਇਸ ਵਿੱਚ ਕਿਸੇ ਵੀ ਕਿਸਮ ਦੀ ਕੋਈ ਬੇਨਿਯਮੀ ਜਾਂ ਹੇਰਾਫੇਰੀ ਨਹੀਂ ਕੀਤੀ ਗਈ ਹੈ ਅਤੇ ਜਿੱਥੋਂ ਤੱਕ ਪਿੰਡ ਦੀ ਸ਼ਾਮਲਾਟ ਜ਼ਮੀਨ ਤੇ ਲੱਗਣ ਵਾਲੀ ਫੈਕਟਰੀ ਦਾ ਸਵਾਲ ਹੈ ਤਾਂ ਉਹ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਬਣਾਉਣ ਵਾਲਾ ਪਲਾਂਟ ਹੈ ਜੋ ਵਾਤਾਵਰਣ ਸੰਭਾਲ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਤੇ ਅਜਿਹਾ ਹੀ ਇੱਕ ਪਲਾਂਟ ਪਹਿਲਾਂ ਹੀ ਮਨਾਲ ਪਿੰਡ ’ਚ ਸਫਲਤਾਪੂਰਵਕ ਚੱਲ ਰਿਹਾ ਹੈ ਜੋ ਖੇਤਰ ਦੇ ਵਿਕਾਸ ਲਈ ਮਾਣ ਵਾਲੀ ਗੱਲ ਹੈ ਪਰ ਇਸ ਦੇ ਬਾਵਜੂਦ ਜੇਕਰ ਪਿੰਡ ਦੇ ਲੋਕ ਇਸ ਪ੍ਰੋਜੈਕਟ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਉਹ ਇਸ ਨੂੰ ਠੁਕਰਾਉਣ ਵਿੱਚ ਰਤੀ ਭਰ ਵੀ ਝਿਜਕ ਨਹੀਂ ਕਰਨਗੇ ਕਿਉਂਕਿ ਉਹਨਾਂ ਲਈ ਪਿੰਡ ਦੀ ਸਹਿਮਤੀ ਅਤੇ ਭਾਈਚਾਰਾ ਸਭ ਤੋਂ ਉੱਪਰ ਹੈ।