ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਸਟੇਸ਼ਨ ’ਤੇ ਰੁਕੀ
ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਸਟੇਸ਼ਨ 'ਤੇ ਰੁਕੀ
Publish Date: Fri, 20 Feb 2026 06:42 PM (IST)
Updated Date: Sat, 21 Feb 2026 04:10 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ੁੱਕਰਵਾਰ ਨੂੰ ਫਿਰੋਜ਼ਪੁਰ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਵਿਖੇ ਰੁਕੀ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਜ਼ਿਲ੍ਹੇ ਦੇ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰ ਕੇ ਨਵੀਂ ਦਿੱਲੀ ਤੇ ਫਿਰੋਜ਼ਪੁਰ ਛਾਉਣੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਰੁਕਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਸੀ, ਤਾਂ ਜੋ ਨੇੜਲੇ ਸੈਂਕੜੇ ਪਿੰਡ ਅਤੇ ਕਸਬੇ ਇਸ ਦਾ ਲਾਭ ਉਠਾ ਸਕਣ। ਉਨ੍ਹਾਂ ਨੂੰ ਸਿੱਧਾ ਰਾਸ਼ਟਰੀ ਰਾਜਧਾਨੀ ਨਾਲ ਜੋੜਿਆ ਜਾ ਸਕੇ। ਮੀਤ ਹੇਅਰ ਨੇ ਕਿਹਾ ਕਿ ਉਹ ਬਰਨਾਲਾ ਲਈ ਹਾਈ ਸਪੀਡ ਰੇਲ ਸੇਵਾ ਸ਼ੁਰੂ ਕਰਨ ਦੀ ਵੀ ਮੰਗ ਕਰਦੇ ਆ ਰਹੇ ਹਨ। ਪਹਿਲਾਂ, ਲੋਕ ਇਸ ਗੱਲ ਤੋਂ ਨਿਰਾਸ਼ ਸਨ ਕਿ ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਵਿਖੇ ਨਹੀਂ ਰੁਕਦੀ ਸੀ। ਹਾਲਾਂਕਿ, ਇਹ ਸਟੇਸ਼ਨ ਨਾ ਸਿਰਫ਼ ਬਰਨਾਲਾ ਜ਼ਿਲ੍ਹੇ ਦੇ ਯਾਤਰੀਆਂ ਲਈ, ਸਗੋਂ ਚਾਰ ਗੁਆਂਢੀ ਜ਼ਿਲ੍ਹਿਆਂ ਦੇ ਯਾਤਰੀਆਂ ਲਈ ਵੀ ਮਹੱਤਵਪੂਰਨ ਹੈ। ਇਸ ਲਈ, ਇੱਥੇ ਰੁਕਣ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਸੀ ਅਤੇ ਹੁਣ ਇਹ ਪੂਰੀ ਹੋ ਗਈ ਹੈ। ਜੇਕਰ ਵੰਦੇ ਭਾਰਤ ਐਕਸਪ੍ਰੈਸ ਬਰਨਾਲਾ ਵਿੱਚ ਨਾ ਰੁਕਦੀ, ਤਾਂ ਉਹ ਵਿਰੋਧ ਪ੍ਰਦਰਸ਼ਨ ਕਰਦੇ। ਮੰਗ ਪੂਰੀ ਹੋਣ ’ਤੇ ਉਨ੍ਹਾਂ ਨੇ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ।