ਵਿਸਾਖੀ ਦਾ ਤਿਉਹਾਰ ਤੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ
ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਮਨਾਇਆ
Publish Date: Wed, 15 Apr 2026 04:38 PM (IST)
Updated Date: Wed, 15 Apr 2026 04:42 PM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ ਖਨੌਰੀ : ਗੰਗਾ ਡਿਗਰੀ ਕਾਲਜ ਵਿੱਚ ਵਿਸਾਖੀ ਦੇ ਪਵਿੱਤਰ ਤਿਉਹਾਰ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਮਹਾਰਾਜਾ ਰਣਜੀਤ ਸਿੰਘ ਹਾਊਸ ਵੱਲੋਂ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸੰਸਥਾ ਦੇ ਚੇਅਰਮੈਨ ਗੁਰਲਾਡ ਸਿੰਘ ਕਾਹਲੋ ਅਤੇ ਵਾਈਸ ਚੇਅਰਪਰਸਨ ਰੀਨਾ ਕੌਰ ਚੀਮਾ ਨੇ ਕਿਹਾ ਕਿ ਵਿਸਾਖੀ ਫਸਲਾਂ ਦੀ ਆਉਣ ਦੀ ਖੁਸ਼ੀ, ਅੰਨਦਾਤਾ ਲਈ ਚਾਅ ਦੇ ਨਾਲ ਨਾਲ ਇਹ ਦਿਨ ਸਿੱਖ ਕੌਮ ਲਈ ਬੇਹੱਦ ਮਹੱਤਵ ਰੱਖਦਾ ਹੈ ਕਿਉਂਕਿ ਇਸੇ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਉੱਚ ਆਦਰਸ਼ਾਂ ਤੇ ਚੱਲਣ ਅਤੇ ਸੱਚਾਈ, ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਅਨੁਸਾਰ ਚਲਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਮਿੱਤਲ ਨੇ ਦੱਸਿਆ ਕਿ ਵਿਸਾਖੀ ਦਾ ਦਿਨ ਸਾਨੂੰ ਏਕਤਾ, ਬਲਿਦਾਨ ਅਤੇ ਸਹਿਨਸ਼ੀਲਤਾ ਦਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਤਿਹਾਸ ਨੂੰ ਜਾਣਨ ਅਤੇ ਉਸ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ। ਪ੍ਰੋ. ਸੰਦੀਪ ਕੌਰ ਅਤੇ ਬਬੀਤਾ ਰਾਣੀ ਨੇ ਵੀ ਸਮੂਹ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹਤੱਤਾ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ।